ਆਤਿਸ਼ ਗੁਪਤਾ
ਚੰਡੀਗੜ੍ਹ, 9 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਮਿਲਦਾ ਆਕਸੀਜਨ ਸਪਲਾਈ ਦਾ ਕੋਟਾ 267 ਮੀਟਰਕ ਟਨ ਤੋਂ ਵਧਾ ਕੇ 300 ਮੀਟਰਕ ਟਨ ਕੀਤਾ ਜਾਵੇ ਤੇ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਕੈਪਟਨ ਨੇ ਕਿਹਾ ਕਿ ਸੂਬੇ ਨੂੰ ਆਕਸੀਜਨ ਤੇ ਵੈਕਸੀਨ ਦੀ ਕਿੱਲਤ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕੈਪਟਨ ਨੇ ਇਹ ਦੋਵੇਂ ਮਸਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵਿਡ-19 ਦੇ ਹਾਲਾਤ ਸਬੰਧੀ ਸਮੀਖਿਆ ਲਈ ਕੀਤੀ ਚਰਚਾ ਦੌਰਾਨ ਉਠਾਏ। ਇਸ ਦੌਰਾਨ ਕਰੋਨਾ ਸੰਕਟ ਨਾਲ ਨਜਿੱਠਣ ਦੇ ਢੰਗ ਤੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਮੀਟਿੰਗ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਵਧਾਉਣ ਲਈ ਫੌਰੀ ਕਦਮ ਉਠਾਏਗੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੀ ਬੇਕਾਬੂ ਹੋਈ ਦੂਜੀ ਲਹਿਰ ਕਰ ਕੇ ਪੈਦਾ ਹੋਏ ਹਾਲਾਤ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਲਈ ਕਰੋਨਾ ਵਿਰੋਧੀ ਵੈਕਸੀਨ ਤਰਜੀਹੀ ਆਧਾਰ ’ਤੇ ਪੰਜਾਬ ਭੇਜਣੀਆਂ ਯਕੀਨੀ ਬਣਾਈਆਂ ਜਾਣ। ਪ੍ਰਧਾਨ ਮੰਤਰੀ ਨਾਲ ਹੋਈ ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਦੀ ਡੋਜ਼ ਲਗਾਉਣ ਦਾ ਅਮਲ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਲੰਘੇ ਦਿਨ ਵੈਕਸੀਨ ਦੀਆਂ ਇਕ ਲੱਖ ਖੁਰਾਕਾਂ ਦੀ ਖੇਪ ਮਿਲੀ ਹੈ, ਇਸ ਕਰ ਕੇ ਭਲਕੇ ਸੋਮਵਾਰ ਤੋਂ ਟੀਕਾਕਰਨ ਦਾ ਅਮਲ ਸ਼ੁਰੂ ਹੋਵੇਗਾ।
ਕੈਪਟਨ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਲਈ ਵੀ ਵੈਕਸੀਨ ਡੋਜ਼ ਦੀ ਵੱਡੀ ਘਾਟ ਹੈ। ਉਨ੍ਹਾਂ ਕਿਹਾ ਕਿ 1.63 ਲੱਖ ਖੁਰਾਕਾਂ ਅੱਜ ਆਉਣ ਦੀ ਆਸ ਹੈ, ਪਰ ਸੂਬੇ ਦੀ ਲੋੜ ਮੁਤਾਬਕ ਇਹ ਵੀ ਨਾਕਾਫ਼ੀ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਸੂਬੇ ਵਿੱਚ ਕਰੋਨਾ ਦੀ ਲਾਗ ਤੋਂ ਪੀੜਤ ਗੰਭੀਰ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਨੂੰ ਫੌਰੀ 300 ਮੀਟਰਕ ਟਨ ਆਕਸੀਜਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਦਾਖ਼ਲ ਵੱਡੀ ਗਿਣਤੀ ਮਰੀਜ਼ ਕੌਮੀ ਰਾਜਧਾਨੀ ਸਮੇਤ ਹੋਰਨਾਂ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਲੈਵਲ-2 ਤੇ 3 ਵਾਲੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਰ ਕੇ ਆਕਸੀਜਨ ਦੀ ਮੰਗ ਵੀ ਇਕਦਮ ਵਧੀ ਹੈ। 22 ਅਪਰੈਲ ਨੂੰ ਆਕਸੀਜਨ ਦੀ ਮੰਗ 197 ਮੀਟਰਕ ਟਨ ਸੀ, ਜੋ ਕਿ 8 ਮਈ ਨੂੰ ਵਧ ਕੇ 295.5 ਮੀਟਰਕ ਟਨ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਟੈਂਕਰਾਂ ਦੀ ਕਿੱਲਤ ਕਰ ਕੇ ਹਾਲਾਤ ਹੋਰ ਮਾੜੇ ਹੋ ਗਏ ਹਨ, ਲਿਹਾਜ਼ਾ ਤਰਲ ਮੈਡੀਕਲ ਆਕਸੀਜਨ ਦੇ ਕੋਟੇ ਨੂੰ ਵਧਾਉਣ ਤੇ ਵਧੇਰੇ ਟੈਂਕਰ ਪੰਜਾਬ ਭੇਜਣ ਦੀ ਲੋੜ ਹੈ ਤਾਂ ਜੋ ਇਸ ਸੰਕਟ ਨਾਲ ਨਜਿੱਠਿਆ ਜਾ ਸਕੇ।
ਸਿਹਤ ਸਕੱਤਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਅੱਠ ਵਾਧੂ ਟੈਂਕਰ ਮੰਗੇ
ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਵਧੀਕ ਸਕੱਤਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਸਪਤਾਲਾਂ ’ਚ ਆਕਸੀਜਨ ਸਪਲਾਈ ਦੀ ਨਿਆਂਪੂਰਨ ਵਰਤੋਂ ਯਕੀਨੀ ਬਣਾਉਣ ਲਈ ਉਠਾਏ ਗਏ ਕਦਮਾਂ ਤੋਂ ਜਾਣੂ ਕਰਵਾਇਆ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸੂਬੇ ਨੂੰ ਅਲਾਟ ਆਕਸੀਜਨ ਸਪਲਾਈ ਦਾ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਦੀ ਵੱਡੀ ਲੋੜ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਨੂੰ ਚਾਰ ਆਕਸੀਜਨ ਟੈਂਕਰ ਅਲਾਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਹੈ। ਪੰਜਾਬ ਨੂੰ ਆਪਣੇ ਨਿਰਧਾਰਤ ਕੋਟੇ 227 ਮੀਟਰਕ ਟਨ ਆਕਸੀਜਨ ’ਚੋਂ 40 ਫੀਸਦ ਝਾਰਖੰਡ ਸਥਿਤ ਬੋਕਾਰੋ ਤੋਂ ਮਿਲਦਾ ਹੈ, ਜਿਸ ਨੂੰ ਸੜਕ ਮਾਰਗ ਰਾਹੀਂ ਆਉਣ ਵਿੱਚ ਤਿੰਨ ਤੋਂ ਪੰਜ ਦਿਨ ਲੱਗਦੇ ਹਨ। ਸਿਹਤ ਸਕੱਤਰ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਨੂੰ ਜ਼ਰੂਰੀ ਲੋੜ ਦੇ ਆਧਾਰ ਉੱਤੇ ਘੱਟੋ-ਘੱਟ ਅੱਠ ਹੋਰ ਟੈਂਕਰ ਦਿੱਤੇ ਜਾਣ। ਪੰਜਾਬ ਨੇ ਕੁੱਲ ਮਿਲਾ ਕੇ 20 ਟੈਂਕਰਾਂ ਦੀ ਮੰਗ ਕੀਤੀ ਸੀ।