ਕਰਮਜੀਤ ਸਿੰਘ ਚਿੱਲਾ
ਬਨੂੜ, 26 ਦਸੰਬਰ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਸਥਿਤ ਪਿੰਡ ਮੋਟੇਮਾਜਰਾ ਦੀ 25 ਏਕੜ ਵਿੱਚ ਫੈਲੀ ਢਾਬ ਦੇ ਪਾਣੀ ’ਤੇ ਫੈਲੀਆਂ ਸੰਘਾੜੇ ਦੀਆਂ ਵੇਲਾਂ ਪਰਵਾਸੀ ਪੰਛੀਆਂ ਲਈ ਮੁਸੀਬਤ ਬਣ ਰਹੀਆਂ ਹਨ।
ਪੰਚਾਇਤ ਵੱਲੋਂ ਇਹ ਟੋਭਾ ਸੰਘਾੜੇ ਦੀ ਫ਼ਸਲ ਲਈ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਸੰਘਾੜੇ ਦੀ ਕਾਸ਼ਤ ਖ਼ਤਮ ਹੋਣ ਦੇ ਬਾਵਜੂਦ ਠੇਕੇਦਾਰ ਨੇ ਵੇਲਾਂ ਸਾਫ਼ ਨਹੀਂ ਕੀਤੀਆਂ। ਢਾਬ ਪੱਤਿਆਂ ਅਤੇ ਵੇਲਾਂ ਨਾਲ ਭਰੀ ਹੋਣ ਕਾਰਨ ਪੰਛੀਆਂ ਨੂੰ ਦਿੱਕਤਾਂ ਆ ਰਹੀਆਂ ਹਨ।
ਇਨੀ ਦਿਨੀਂ ਮੋਟੇਮਾਜਰਾ ਦੀ ਢਾਬ ਪਰਵਾਸੀ ਪੰਛੀਆਂ ਨਾਲ ਭਰ ਜਾਂਦੀ ਹੈ। ਸਾਈਬੇਰੀਆ ਤੇ ਹੋਰ ਠੰਢੇ ਮੁਲਕਾਂ ਤੋਂ ਇੱਥੇ ਦਰਜਨ ਦੇ ਕਰੀਬ ਕਿਸਮਾਂ ਦੇ ਪੰਛੀ ਦਸੰਬਰ ਦੇ ਅੱਧ ਤੋਂ ਆਉਣੇ ਆਰੰਭ ਹੁੰਦੇ ਹਨ। ਜਨਵਰੀ ਦੇ ਪਹਿਲੇ ਹਫ਼ਤੇ ਤੱਕ ਸਮੁੱਚਾ ਟੋਭਾ ਪਰਵਾਸੀ ਪੰਛੀਆਂ ਨਾਲ ਭਰ ਜਾਂਦਾ ਹੈ। ਇੱਥੇ ਵੱਡੀ ਗਿਣਤੀ ਵਿੱਚ ਪੰਛੀ ਪ੍ਰੇਮੀ ਕੈਮਰੇ ਲੈ ਕੇ ਪਹੁੰਚਦੇ ਹਨ।
ਇਸ ਵਰ੍ਹੇ ਪੰਛੀਆਂ ਦੀ ਘੱਟ ਆਮਦ ਕਾਰਨ ਪੰਛੀ ਪ੍ਰੇਮੀ ਨਿਰਾਸ਼ ਹਨ। ਪੰਛੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਸੰਘੇੜਾ ਦੀ ਕਾਸ਼ਤ ਕਰਨ ਵਾਲੇ ਠੇਕੇਦਾਰ ਤੋਂ ਦਸੰਬਰ ਤੱਕ ਸਮੁੱਚੇ ਟੋਭੇ ਦੀ ਸਫ਼ਾਈ ਕਰਵਾ ਕੇ ਪੰਛੀਆਂ ਦੇ ਸਵਾਗਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਬਲਬੀਰ ਸਿੱਧੂ ਵੱਲੋਂ ਢਾਬ ਲਈ 35 ਲੱਖ ਦੀ ਗ੍ਰਾਂਟ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੋਟੇਮਾਜਰਾ ਦੀ ਇਤਿਹਾਸਕ ਢਾਬ ਦੀ ਦਿੱਖ ਸੰਵਾਰਨ, ਇਸ ਦੀ ਚਾਰ ਦੀਵਾਰੀ ਕਰਨ ਅਤੇ ਇਸ ਨੂੰ ਸੈਰਗਾਹ ਵਜੋਂ ਵਿਕਸਿਤ ਕਰਨ ਲਈ ਪੰਚਾਇਤ ਨੂੰ 35 ਲੱਖ ਦੀ ਗਰਾਂਟ ਦਿੱਤੀ ਗਈ ਹੈ। ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਚਾਲੂ ਹਫ਼ਤੇ ਦੌਰਾਨ ਕੰਮ ਆਰੰਭ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਪੰਛੀਆਂ ਦੀ ਆਮਦ ਹੋਰ ਵਧਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ।