ਸੁੱਚਾ ਸਿੰਘ ਖੱਟੜਾ
ਪਿੰਡ ਵਿਚ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਲੋਕਾਂ ਨੇ ਮੈਨੂੰ ਪਿੰਡ ਦਾ ਸਰਪੰਚ ਬਣਾ ਦਿੱਤਾ। ਨਵਾਂ ਵਿਭਾਗ ਨਵੇਂ ਸੰਪਰਕ ਪਰ ਬੀਡੀਪੀਓ ਦਫ਼ਤਰ ਗਿਆ ਤਾਂ ਪਤਾ ਲੱਗਾ ਕਿ ਬੀਡੀਪੀਓ ਸਮੇਤ ਸਾਰੇ ਮੁਲਾਜ਼ਮ ਮੈਨੂੰ ਪਹਿਲਾਂ ਹੀ ਜਾਣਦੇ ਸਨ। ਹਰ ਤਰ੍ਹਾਂ ਦੇ ਸਹਿਯੋਗ ਦੇ ਭਾਵੇਂ ਭਰੋਸੇ ਮਿਲ ਰਹੇ ਸਨ, ਫਿਰ ਵੀ ਪੰਚਾਇਤੀ ਰਾਜ ਐਕਟ ਜਾਣਨ ਲਈ ਦੋ ਅਲੱਗ ਅਲੱਗ ਲੇਖਕਾਂ ਦੀਆਂ ਕਿਤਾਬਾਂ 17 ਸੈਕਟਰ ਤੋਂ ਖਰੀਦੀਆਂ। ਰਾਜੀਵ ਗਾਂਧੀ ਵੱਲੋਂ ਪੰਚਾਇਤੀ ਐਕਟ ਵਿਚ ਕੀਤੀਆਂ ਸੋਧਾਂ ਅਤੇ ਸੁਧਾਰਾਂ ਨੂੰ ਜਾਣਨ ਦੀ ਜਗਿਆਸਾ ਵਧੇਰੇ ਸੀ। ਉਂਝ ਵੀ ਅਫਸਰਾਂ ਨਾਲ ਗੱਲ ਕਰਦਿਆਂ ਆਤਮ-ਵਿਸ਼ਵਾਸ ਪਹਿਲੀ ਲੋੜ ਹੈ ਜੋ ਗਿਆਨ ਬਿਨਾ ਸੰਭਵ ਨਹੀਂ। ਅਧਿਆਪਕ ਭਾਈਚਾਰਾ ਮੈਨੂੰ ਨਵੀਂ ਭੂਮਿਕਾ ਵਿਚ ਦੇਖਣ ਲਈ ਕਾਹਲਾ ਸੀ।
ਬਲਾਕ ਦੇ ਹੀ ਇਕ ਹੋਰ ਪਿੰਡ ਵਿਚ ਇਕ ਅਧਿਆਪਕ ਦੋਸਤ ਆਪਣੀ ਪਸੰਦ ਦਾ ਸਰਪੰਚ ਅਤੇ ਪੰਚ ਬਣਵਾਉਣ ਵਿਚ ਸਫ਼ਲ ਹੋ ਗਿਆ। 15 ਕੁ ਦਿਨ ਬਾਅਦ ਇਸੇ ਦੋਸਤ ਦਾ ਫੋਨ ਆਇਆ ਕਿ ਪੰਚਾਇਤਾਂ ਦੀ ਜਥੇਬੰਦੀ ਦੀ ਸੂਬੇ ਦੀ ਲੀਡਰਸ਼ਿਪ ਬਲਾਕ ਦੇ ਪੰਚਾਂ ਸਰਪੰਚਾਂ ਦੀ ਮੀਟਿੰਗ ਕਰ ਰਹੀ ਹੈ। ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਸਰਪੰਚ ਅਤੇ ਹੋਰ ਸਰਪੰਚਾਂ ਨੂੰ ਪੰਚਾਇਤ ਸਕੱਤਰਾਂ ਨੇ ਫੋਨ ਉੱਤੇ ਸੁਨੇਹੇ ਦਿੱਤੇ ਹਨ ਪਰ ਮੈਨੂੰ ਕਿਸੇ ਨੇ ਸੁਨੇਹਾ ਨਹੀਂ ਸੀ ਦਿੱਤਾ। ਮੈਨੂੰ ਸੁਨੇਹਾ ਕਿਉਂ ਨਹੀਂ? ਧੁੰਦਲਾ ਜਿਹਾ ਅੰਦਾਜ਼ਾ ਹੋਇਆ ਕਿ ਮੇਰਾ ਪਿਛੋਕੜ ਹੀ ਮੈਨੂੰ ਸੁਨੇਹੇ ਤੋਂ ਵਾਂਝਾ ਰੱਖਣ ਦਾ ਕਾਰਨ ਹੋਵੇਗਾ। ਦੋਸਤ ਕਹਿਣ ਲੱਗਾ ਕਿ ਮੈਂ ਹਰ ਹਾਲਤ ਵਿਚ ਮੀਟਿੰਗ ਵਿਚ ਜਾਵਾਂ।
ਮੀਟਿੰਗ ਸ਼ੁਰੂ ਹੋਈ, ਸੂਬੇ ਦੀ ਲੀਡਰਸ਼ਿਪ ਸਟੇਜ ਉੱਤੇ ਬੈਠੀ ਸੀ। ਇਕ ਪੰਚਾਇਤ ਸਕੱਤਰ ਨੇ ਸਟੇਜ ਸੰਭਾਲੀ। ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਨਵੇਂ ਸਰਪੰਚਾਂ ਨੂੰ ਬੋਲਣ ਲਈ ਬੁਲਾਇਆ ਜਾਣ ਲੱਗਾ। ਦੋ ਕੁ ਬੁਲਾਰਿਆਂ ਬਾਅਦ ਪੰਡਾਲ ਵਿਚੋਂ ਮੈਨੂੰ ਬੁਲਾਉਣ ਲਈ ਕਿਹਾ ਜਾਣ ਲੱਗਾ। ਨਵੇਂ ਨਵੇਂ ਪੜ੍ਹੇ ਐਕਟ ਅਤੇ ਜ਼ਮੀਨੀ ਹਕੀਕਤ ਦਾ ਫਾਸਲਾ ਮੇਰਾ ਬੋਲਣ ਦਾ ਵਿਸ਼ਾ ਸੀ। ਜਥੇਬੰਦੀ ਨੂੰ ਇਹ ਫਾਸਲਾ ਨੇੜੇ ਕਰਨ ਦੀ ਅਪੀਲ ਕਰਕੇ ਮੈਂ ਪੰਡਾਲ ਵਿਚ ਜਾ ਬੈਠਾ। ਜਦੋਂ ਚੋਣ ਦੀ ਗੱਲ ਆਈ ਤਾਂ ਪ੍ਰਧਾਨਗੀ ਲਈ ਸਰਪੰਚਾਂ ਨੇ ਮੇਰਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਘੇਰ ਹੀ ਲਿਆ ਤਾਂ ਮੈਂ ਸ਼ਰਤ ਰੱਖ ਦਿੱਤੀ ਕਿ ਮੈਂ ਪ੍ਰਧਾਨ ਤਾਂ ਹੀ ਬਣਾਂਗਾ, ਜੇ ਜਨਰਲ ਸਕੱਤਰ ਮੇਰੀ ਮਰਜ਼ੀ ਦਾ ਹੋਵੇਗਾ। ਮੇਰੀ ਗੱਲ ਮੰਨ ਲਈ ਗਈ। ਮੈਂ ਇਲਾਕੇ ਦੇ ਵੱਡੇ ਪਿੰਡ ਦੇ ਸਰਪੰਚ ਨੂੰ ਆਪਣੇ ਨਾਲ ਜਨਰਲ ਸਕੱਤਰ ਬਣਵਾ ਲਿਆ। ਇਹ ਨੌਜਵਾਨ ਸਰਪੰਚ ਇਲਾਕੇ ਦੇ ਹਰ ਸੰਘਰਸ਼ ਦਾ ਮੋਹਰੀ ਅਤੇ ਮੇਰਾ ਵਿਦਿਆਰਥੀ ਵੀ ਸੀ।
ਅਗਲੇ ਹਫ਼ਤੇ ਜਿ਼ਲ੍ਹੇ ਦੇ ਸਰਪੰਚਾਂ ਦਾ ਇਕੱਠ ਹੋਇਆ। ਇੱਥੇ ਵੀ ਉਹੀ ਕੁਝ ਵਾਪਰਿਆ। ਫ਼ਰਕ ਇਹ ਕਿ ਜਨਰਲ ਸਕੱਤਰ ਇੱਧਰ ਦੇ ਪਿੰਡਾਂ ਦਾ ਸੀ। ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਗਾਹੇ-ਬਗਾਹੇ ਜਿ਼ਲ੍ਹੇ ਵਿਚ ਡੀਸੀ, ਐੱਸਐੱਸਪੀ ਅਤੇ ਡੀਡੀਪੀਓ ਨੂੰ ਵੀ ਮਿਲਣਾ ਪੈਂਦਾ। ਇਕ ਦਿਨ ਆਪਣੇ ਹੀ ਬਲਾਕ ਸਕੱਤਰ ਦਾ ਫੋਨ ਆਇਆ ਕਿ ਮੇਘਪੁਰ ਪਿੰਡ ਦੇ ਸਰਪੰਚ ਨੂੰ ਕੁਝ ਔਰਤਾਂ ਨੇ ਬੇਇੱਜ਼ਤ ਵੀ ਕੀਤਾ ਅਤੇ ਉਸ ਦੀ ਕਮੀਜ਼ ਪਾੜ ਦਿੱਤੀ ਤੇ ਆਪਣੇ ਕੱਪੜੇ ਪਾੜ ਕੇ ਹਸਪਤਾਲ ਵੀ ਦਾਖ਼ਲ ਹੋ ਗਈਆਂ। ਸਬੰਧਿਤ ਥਾਣੇ ਦੀ ਪੁਲੀਸ ਸਰਪੰਚ ਦੀ ਗੱਲ ਸੁਣਨੀ ਤਾਂ ਦੂਰ, ਉਲਟਾ ਤੰਗ ਕਰ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਪੁਲੀਸ ਵਾਲੇ ਸਰਪੰਚ ਨੂੰ ਗੰਭੀਰ ਕੇਸ ਵਿਚ ਉਲਝਾਉਣ ਦੀ ਧਮਕੀ ਦੇ ਰਹੇ ਹਨ।
ਜਨਰਲ ਸਕੱਤਰ ਦੋ ਦਿਨ ਤੋਂ ਮਸਲਾ ਸੁਲਝਾ ਰਿਹਾ ਸੀ। ਅਖ਼ੀਰ ਮੈਨੂੰ ਦਖਲ ਦੇਣ ਲਈ ਕਿਹਾ। ਮੈਂ ਸਰਪੰਚ ਦਾ ਫੋਨ ਨੰਬਰ ਲਿਆ ਅਤੇ ਘਟਨਾ ਵਿਸਥਾਰ ਤੇ ਬਰੀਕੀ ਨਾਲ ਸੁਣੀ। ਘਟਨਾ ਸੀ ਕਿ ਪਹਿਲੀ ਪੰਚਾਇਤ ਨੇ ਪੰਚਾਇਤੀ ਥਾਂ ਉੱਤੇ ਪਿੱਪਲ ਦੁਆਲੇ ਗਰਾਂਟ ਨਾਲ ਵੱਡਾ ਥੜ੍ਹਾ ਬਣਾਇਆ ਸੀ। ਕਿਸੇ ਨੇ ਧੱਕੇ ਨਾਲ ਖੋਖਾ ਰੱਖ ਕੇ ਹੱਟੀ ਖੋਲ੍ਹ ਲਈ। ਪਹਿਲੀ ਪੰਚਾਇਤ ਖੋਖਾ ਨਾ ਚੁਕਵਾ ਸਕੀ। ਪੰਚਾਇਤ ਦੀ ਅਗਲੀ ਚੋਣ ਵਿਚ ਲੋਕਾਂ ਨੇ ਮੌਜੂਦਾ ਸਰਪੰਚ ਇਸ ਸ਼ਰਤ ਉੱਤੇ ਚੁਣਿਆ ਕਿ ਉਹ ਸਭ ਤੋਂ ਪਹਿਲਾਂ ਖੋਖਾ ਚੁਕਵਾਏਗਾ। ਨਵੀਂ ਪੰਚਾਇਤ ਨੇ ਖੋਖਾ ਚੁਕਵਾਉਣ ਲਈ ਖੋਖਾ ਮਾਲਕ ਤੋਂ ਲਿਖ ਕੇ ਵੀ ਮਿਤੀਬੱਧ ਕੀਤਾ ਪਰ ਉਹ ਤਾਰੀਖ ਅੱਗੇ ਪਾ ਦਿਆ ਕਰੇ। ਇਕ ਮਿਥੀ ਤਾਰੀਖ ਨੂੰ ਜਦੋਂ ਪੰਚਾਇਤ ਗਈ ਤਾਂ ਸਰਪੰਚ ਨਾਲ ਇਹ ਵਾਪਰ ਗਿਆ।
ਅਸੀਂ 10 ਸਰਪੰਚਾਂ ਨੂੰ ਨਾਲ ਲੈ ਕੇ ਥਾਣੇ ਚਲੇ ਗਏ। ਥਾਣੇਦਾਰ ਨੇ ਇਹ ਵੀ ਨਾ ਪੁੱਛਿਆ ਕਿ ਅਸੀਂ ਕੌਣ ਹਾਂ, ਅੰਦਰ ਵੜਦਿਆਂ ਕੁਰਸੀ ਸੰਭਾਲੀ ਅਤੇ ਸਾਨੂੰ ਆਉਣ ਦਾ ਕਾਰਨ ਪੁੱਛਿਆ। ਮੇਰੇ ਮੂੰਹੋਂ ਮੇਘਪੁਰ ਪਿੰਡ ਦਾ ਨਾਂ ਵੀ ਪੂਰਾ ਨਹੀਂ ਸੀ ਨਿਕਲਿਆ ਕਿ ਥਾਣੇਦਾਰ ਬੋਲ ਉਠਿਆ, “ਹਾਂ ਹਾਂ, ਮੈਂ ਸਭ ਕੁਝ ਜਾਣਦਾਂ, ਦੋਨੋਂ ਧਿਰਾਂ ਅੰਦਰ ਕਰਾਂਗਾ।” ਮੈਂ ਸ਼ਾਂਤ ਜਿਹੇ ਲਹਿਜੇ ਵਿਚ ਕਿਹਾ, “ਥਾਣੇਦਾਰ ਸਾਹਿਬ, ਤੁਸੀਂ ਫ਼ੈਸਲੇ ਲਈ ਕਾਹਲੀ ਕਰ ਰਹੇ ਹੋ।” ਥਾਣੇਦਾਰ ਦੇ ਚਿਹਰੇ ਉੱਤੇ ਉਹਦੇ ਫ਼ੈਸਲੇ ਨੂੰ ਮੇਰੇ ਸ਼ਬਦਾਂ ਦੁਆਰਾ ਚੁਣੌਤੀ ਦਾ ਅਸਰ ਸੀ। ਮੈਨੂੰ ਗੁੱਸੇ ਵਿਚ ਕਹਿਣ ਲੱਗਾ, “ਤੇਰੇ ਕਹਿਣ ਦਾ ਮਤਲਬ।” ਹੁਣ ਮੇਰੀ ਭਾਸ਼ਾ ਬਦਲ ਚੁੱਕੀ ਸੀ, “ਥਾਣੇਦਾਰ ਸਾਹਿਬ, ਪਿੰਡ ਵਾਲਿਆਂ ਨੇ ਜਿਸ ਵੋਟਰ ਸੂਚੀ ਤੋਂ ਮੁਲਕ ਦਾ ਪ੍ਰਧਾਨ ਮੰਤਰੀ ਚੁਣਿਆ, ਉਸੇ ਵੋਟਰ ਸੂਚੀ ਤੋਂ ਪਿੰਡ ਵਾਲਿਆਂ ਇਸ ਸਰਪੰਚ ਨੂੰ ਚੁਣਿਆ ਹੈ। ਇਹ ਲੋਕ ਸੇਵਕ (ਪਬਲਿਕ ਸਰਵੈਂਟ) ਹੈ। ਐਕਟ ਪੜ੍ਹ ਕੇ ਫ਼ੈਸਲਾ ਕਰਨਾ ਚਾਹੀਦਾ ਸੀ। ਸਰਪੰਚ ਪਬਲਿਕ ਸਰਵੈਂਟ ਹੁੰਦਾ ਹੈ। ਸਰਪੰਚ ਨੂੰ ਪਬਲਿਕ ਦਾ ਕੰਮ ਕਰਦਿਆਂ ਇਨ੍ਹਾਂ ਔਰਤਾਂ ਨੇ ਰੁਕਾਵਟ ਵੀ ਪਾਈ ਅਤੇ ਬੇਇੱਜ਼ਤ ਵੀ ਕੀਤਾ। ਝੂਠਿਆਂ ਔਰਤਾਂ ਦੇ ਕਹਿਣ ’ਤੇ ਸਰਪੰਚ ਨੂੰ ਅੰਦਰ ਕਰੋ, ਫਿਰ ਦੇਖਾਂਗੇ।” ਇਹ ਕਹਿ ਕੇ ਮੈਂ ਉੱਠ ਖੜ੍ਹਾ ਹੋਇਆ।
ਥਾਣੇਦਾਰ ਦੇ ਤੇਵਰ ਢਿੱਲੇ ਹੋ ਚੁੱਕੇ ਸਨ। ਮੈਨੂੰ ਬੈਠਣ ਲਈ ਕਹਿੰਦਾ ਬੋਲਿਆ, “ਤੁਸੀਂ ਮੈਨੂੰ ਆਪਣੀ ਪਛਾਣ ਨਹੀਂ ਦੱਸੀ।” ਸਾਡੇ ਬਾਰੇ ਪਤਾ ਲੱਗਣ ’ਤੇ ਥਾਣੇਦਾਰ ਨੇ ਦੋ ਦਿਨ ਦਾ ਸਮਾਂ ਲਿਆ ਅਤੇ ਖ਼ੁਦ ਪੜਤਾਲ ਕਰਨ ਦਾ ਵਾਅਦਾ ਕੀਤਾ। ਚੌਥੇ ਦਿਨ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਲਿਆ। ਸਾਡੇ ਕਹਿਣ ’ਤੇ ਸਰਪੰਚ ਡੇਢ ਦੋ ਸੌ ਬੰਦਾ ਨਾਲ ਲਿਆਇਆ। ਦੂਜੇ ਪਾਸੇ ਤੋਂ ਵੱਡੀ ਗਿਣਤੀ ਬਿਜਲੀ ਮੁਲਾਜ਼ਮ ਆਉਣੇ ਸ਼ੁਰੂ ਹੋ ਗਏ। ਖੋਖੇ ਵਾਲਾ ਬਿਜਲੀ ਮੁਲਾਜ਼ਮ ਸੀ ਪਰ ਉਹਦਾ ਚਿਹਰਾ ਦੱਸਦਾ ਸੀ ਕਿ ਉਸ ਨੂੰ ਥਾਣੇਦਾਰ ਨੇ ਪਹਿਲਾਂ ਹੀ ਕੁਝ ਕਹਿ ਦਿੱਤਾ ਹੋਇਆ ਸੀ। ਬਿਜਲੀ ਮੁਲਾਜ਼ਮਾਂ ਦਾ ਸਰਕਲ ਪ੍ਰਧਾਨ ਸੂਝਵਾਨ ਸੀ। ਅਸੀਂ ਇਕ ਦੂਜੇ ਦੇ ਵਾਕ ਹੀ ਨਹੀਂ, ਵਿਚਾਰਾਂ ਦੀ ਵੀ ਸਾਂਝ ਸੀ। ਮੈਨੂੰ ਦੇਖ ਕੇ ਦੂਰੋਂ ਹੀ ਕਹਿਣ ਲੱਗਾ ਕਿ ਜਿੱਥੇ ਖੱਟੜਾ ਜੀ ਹਨ, ਉੱਥੇ ਝਗੜਾ ਕਾਹਦਾ। ਪ੍ਰਧਾਨ ਨੇ ਮੈਥੋਂ ਸਾਰੀ ਗੱਲ ਸੁਣੀ, ਖੋਖੇ ਵਾਲੇ ਨੂੰ ਪਰੇ ਲਿਜਾ ਕੇ ਕੀ ਕਿਹਾ, ਕੋਈ ਪਤਾ ਨਹੀਂ। ਥਾਣੇਦਾਰ ਕੋਲ ਗਿਆ। ਅੰਦਰੋਂ ਕੇਸ ਦੇ ਪੜਤਾਲੀਆ ਅਫ਼ਸਰ ਨੂੰ ਨਾਲ ਲਿਆਇਆ। ਸਮਝੌਤਾ ਲਿਖਣਾ ਸ਼ੁਰੂ ਹੋ ਗਿਆ। ਸਮਝੌਤੇ ਵਿਚ ਮੁਆਫ਼ੀਨਾਮੇ ਤੋਂ ਪਹਿਲਾਂ ਉਸੇ ਸ਼ਾਮ ਤੱਕ ਖੋਖਾ ਚੁੱਕਣਾ ਸੀ। ਬਤੌਰ ਸਰਪੰਚ ਜਿ਼ੰਮੇਵਾਰੀ ਨਿਭਾਉਂਦਿਆਂ ਸਰਪੰਚ ਲੋਕ ਸੇਵਕ ਹੁੰਦਾ ਹੈ, ਫੌਜਦਾਰੀ ਕਾਨੂੰਨਾਂ ਵਿਚ ਉਸ ਨੂੰ ਆਮ ਨਾਗਰਿਕ ਤੋਂ ਵੱਖਰੀ ਸੁਰੱਖਿਆ ਹੈ। ਔਰਤਾਂ ਦੀ ਖੜ੍ਹੀ ਕੀਤੀ ਗੰਭੀਰ ਸਮੱਸਿਆ ਖਿ਼ਲਾਫ਼ ਸਰਪੰਚ ਨੂੰ ਇਨਸਾਫ਼ ਮਿਲ ਗਿਆ।
ਸੰਪਰਕ: 64176-52947