ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਜੂਨ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਬਜ਼ ਧਿਰ ਦੇ ਮੈਂਬਰ ਬੜੀ ਦੁਚਿੱਤੀ ਵਿੱਚ ਸਨ ਪਰ ਮੇਅਰ ਜੀਤੀ ਸਿੱਧੂ ਨੇ ਵਿਕਾਸ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਕਾਬਜ਼ ਧਿਰ ਦੀ ਮੀਟਿੰਗ ਸੱਦ ਕੇ ਬਹੁਮਤ ਸਾਬਤ ਕਰ ਕੇ ਸ਼ਕਤੀ ਪ੍ਰਦਰਸ਼ਨ ਕਰ ਦਿੱਤਾ ਹੈ। ਬੰਦ ਕਮਰੇ ਵਿੱਚ ਹੋਈ ਮੀਟਿੰਗ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਨਾਰਾਜ਼ ਮੈਂਬਰ ਨਰਪਿੰਦਰ ਸਿੰਘ ਰੰਗੀ ਤੇ ਜਸਪ੍ਰੀਤ ਸਿੰਘ ਗਿੱਲ ਸਮੇਤ 6-7 ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਹਾਜ਼ਰ ਸਨ ਜਦੋਂਕਿ ਗੈਰਹਾਜ਼ਰ ਮੈਂਬਰਾਂ ’ਚੋਂ ਤਿੰਨ ਕੌਂਸਲਰਾਂ ਨੇ ਵੀਡੀਓ ਸੰਦੇਸ਼ ਭੇਜ ਕੇ ਮੇਅਰ ਜੀਤੀ ਸਿੱਧੂ ਨਾਲ ਡਟ ਕੇ ਖੜ੍ਹੇ ਰਹਿਣ ਦੀ ਹਾਮੀ ਭਰੀ।
ਮੇਅਰ ਜੀਤੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਸਾਥੀ ਕੌਂਸਲਰਾਂ ਨਾਲ ਪਰਿਵਾਰ ਵਾਂਗ ਮਿਲ ਕੇ ਨਗਰ ਨਿਗਮ ਨੂੰ ਚਲਾਉਣਗੇ ਅਤੇ ਕਾਬਜ਼ ਧਿਰ ਦੇ ਮੈਂਬਰ ਪਹਿਲਾਂ ਵਾਂਗ ਉਨ੍ਹਾਂ ਨੂੰ ਸਹਿਯੋਗ ਦੇਣਗੇ। ਮੇਅਰ ਨੇ 37 ’ਚੋਂ 31 ਕੌਂਸਲਰ ਨਾਲ ਹੋਣ ਦਾ ਦਾਅਵਾ ਕਰਦਿਆਂ ਐਲਾਨ ਕੀਤਾ ਕਿ ਕਈ ਮੈਂਬਰ ਜ਼ਰੂਰੀ ਕੰਮਾਂ ਅਤੇ ਨਿੱਜੀ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਨਹੀਂ ਆ ਸਕੇ ਪਰ ਉਨ੍ਹਾਂ ਨੇ ਵੀ ਵੀਡੀਓ ਸੰਦੇਸ਼ ਭੇਜ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਹਰ ਮਹੀਨੇ ਆਪਣੇ ਸਾਥੀ ਕੌਂਸਲਰਾਂ ਨਾਲ ਮੀਟਿੰਗ ਕਰਕੇ ਵਿਕਾਸ ਕੰਮਾਂ ਦੀ ਸਮੀਖਿਆ ਕਰਦੇ ਹਨ। ਅੱਜ ਦੀ ਮੀਟਿੰਗ ਵੀ ਉਸੇ ਕੜੀ ਦਾ ਹਿੱਸਾ ਸੀ ਪ੍ਰੰਤੂ ਵਿਰੋਧੀ ਧਿਰ ਨੇ ਮਾਹੌਲ ਖ਼ਰਾਬ ਕਰਨ ਦੇ ਮੰਤਵ ਨਾਲ ਗਲਤ ਰੰਗਤ ਦੇ ਕੇ ਆਮ ਲੋਕਾਂ ਅਤੇ ਕੌਂਸਲਰਾਂ ਵਿੱਚ ਭੰਬਲਭੂਸਾ ਪਾਉਣ ਦਾ ਯਤਨ ਕੀਤਾ। ਇੱਥੋਂ ਤੱਕ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਇਸ ਸੌੜੀ ਰਾਜਨੀਤੀ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ (ਮੇਅਰ) ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਪੁੱਛੇ ਸੁਆਲ ’ਤੇ ਜੀਤੀ ਸਿੱਧੂ ਨੇ ਕਿਹਾ ਰਾਜਾ ਵੜਿੰਗ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਉਹ ਕੁਝ ਵੀ ਬੋਲ ਸਕਦੇ ਹਨ ਪਰ ਸੱਚ ਇਹ ਹੈ ਕਿ ਮੇਅਰ ਦੀ ਕੁਰਸੀ ਤੋਂ ਉਨ੍ਹਾਂ ਨੂੰ ਉਦੋਂ ਤੱਕ ਕੋਈ ਲਾਹ ਨਹੀਂ ਸਕਦਾ ਜਦੋਂ ਤੱਕ ਸਾਥੀ ਕੌਂਸਲਰ ਚੱਟਾਨ ਬਣ ਕੇ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀ ਮੀਟਿੰਗ ਵਿੱਚ 37 ਦੀ ਥਾਂ 40 ਮੈਂਬਰ ਉਨ੍ਹਾਂ ਨਾਲ ਖੜ੍ਹੇ ਹੋਣਗੇ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਮੇਅਰ ਨਾਲ ਡਟ ਕੇ ਖੜ੍ਹੇ ਹਨ।
ਇਸ ਦੌਰਾਨ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਸਮੇਤ ਕਾਬਜ਼ ਧਿਰ ਦੀ ਕੌਂਸਲਰ ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਜਸਬੀਰ ਸਿੰਘ ਮਣਕੂ, ਹਰਜੀਤ ਸਿੰਘ ਘੋਲੂ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਉਹ ਮੇਅਰ ਨਾਲ ਚੱਟਾਨ ਵਾਂਗ ਖੜ੍ਹੇ ਹਨ।
ਚਾਰ ਮੈਂਬਰਾਂ ਨੇ ਨਾ ਦਿੱਤਾ ਸਮਰਥਨ
ਮੁਹਾਲੀ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਮੈਂਬਰ ਰਾਜ ਰਾਣੀ ਜੈਨ, ਨਰਪਿੰਦਰ ਸਿੰਘ ਰੰਗੀ ਅਤੇ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮੇਅਰ ਜੀਤੀ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਸਮਰਥਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੇਅਰ ਦੀ ਮੀਟਿੰਗ ਵਿੱਚ ਅੱਜ ਜਿਹੜੇ ਕਾਬਜ਼ ਧਿਰ ਦੇ ਕੌਂਸਲਰ ਸ਼ਾਮਲ ਹੋਏ ਹਨ, ਉਨ੍ਹਾਂ ਬਾਰੇ ਪਾਰਟੀ ਹਾਈ ਕਮਾਂਡ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਅੱਜ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਵੱਲੋਂ ਅੱਜ ਸੱਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਮਰਥਨ ਦੇਣ ਵਾਲੇ ਕੌਂਸਲਰਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਕੌਂਸਲਰਾਂ ਦਾ ਨਿੱਜੀ ਫ਼ੈਸਲਾ ਹੋ ਸਕਦਾ ਹੈ ਪਰ ਕਾਂਗਰਸ ਕਦੇ ਵੀ ਭਾਜਪਾ ਮੇਅਰ ਨੂੰ ਅੰਦਰੋਂ ਜਾਂ ਬਾਹਰੋਂ ਸਮਰਥਨ ਨਹੀਂ ਦੇਵੇਗੀ।