ਨੂਰਪੁਰ ਬੇਦੀ: ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਨਿਰੰਤਰ ਅਧਿਆਪਕਾਂ ਸਮੇਤ ਛੱਤੀ ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਤਹਿਤ ਵਰਤੀ ਜਾ ਰਹੀ ਲਾਰਾ ਲੱਪਾ ਵਾਲੀ ਨੀਤੀ ਤੋਂ ਤੰਗ ਆ ਕੇ ਅਧਿਆਪਕ ਆਗੂਆਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਸਿੱਖਿਆ ਪ੍ਰੋਵਾਈਡਰ ਯੂਨੀਅਨ ਤੇ ਆਈਈਵੀ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਵੱਲੋਂ ਆਪਣੀ ਟਾਲਮਟੋਲ ਵਾਲੀ ਨੀਤੀ ਨੂੰ ਛੱਡ ਕੇ ਮੁਲਾਜ਼ਮਾਂ ਨੂੰ 15 ਅਗਸਤ ਆਜ਼ਾਦੀ ਵਾਲੇ ਦਿਹਾੜੇ ਪੱਕਾ ਨਾ ਕੀਤਾ ਗਿਆ ਤਾਂ ਉਹ ਪੰਦਰਾਂ ਅਗਸਤ ਨੂੰ ਵੱਡਾ ਐਕਸ਼ਨ ਕਰਨਗੇ। ਅਧਿਆਪਕ ਆਗੂ ਮਾਸਟਰ ਬਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਸੋਹਣ ਸਿੰਘ ਖਟਾਣਾ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਪੂਜਾ ਪੁਰੀ ਨੇ ਕਿਹਾ ਕਿ ਉਹ ਨਿਗੂਣੀਆਂ ਤਨਖਾਹਾਂ ’ਤੇ ਸੇਵਾ ਨਿਭਾ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ