ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਫਰਵਰੀ
ਕੁੜੀਆਂ ਨੂੰ ਸਿੱਖਿਅਤ ਕਰਨ ਦੀ ਦੂਰਅੰਦੇਸ਼ੀ ਸੋਚ ਨਾਲ ਪਿੰਡ ਵਿੱਚ ਵਿਦਿਅਕ ਸੰਸਥਾਵਾਂ ਬਣਾਉਣ ਨਾਲ ਸਿੱਧਵਾਂ ਖੁਰਦ ਆਲਮੀ ਪੱਧਰ ’ਤੇ ਚਮਕਿਆ ਸੀ। ਜਗਰਾਉਂ ਦਾ ਇਹ ਪਿੰਡ ਵਿਧਾਨ ਸਭਾ ਚੋਣਾਂ ਮੌਕੇ ਇਕ ਵਾਰ ਫਿਰ ਨਵੀਂ ਪਿਰਤ ਪਾ ਕੇ ਇਤਿਹਾਸ ਸਿਰਜ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਦੇ ਨਾਲ ਲੱਗਦੇ ਪਿੰਡ ਸਿੱਧਵਾਂ ਕਲਾਂ ਵਿੱਚ ਵੀ ਸਾਰੀਆਂ ਸਿਆਸੀ ਧਿਰਾਂ ਦਾ ਸਾਂਝਾ ਬੂਥ ਲੱਗਾ ਸੀ।
ਸਿੱਧਵਾਂ ਖੁਰਦ ਵਿੱਚ ਡਿਗਰੀ ਕਾਲਜ, ਬੀਐੱਡ ਕਾਲਜ, ਲਾਅ ਕਾਲਜ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਸਕੂਲ ਸਥਿਤ ਹਨ। ਇਸ ਵਾਰ ਪਿੰਡ ਵਿੱਚ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਬੂਥ ਲੱਗਿਆ ਅਤੇ ਨਾ ਹੀ ਘਰਾਂ ’ਤੇ ਝੰਡੀਆਂ ਲਾਈਆਂ ਗਈਆਂ। ਕਰੀਬ 1300 ਵੋਟਾਂ ਵਾਲੇ ਇਸ ਪਿੰਡ ਨੇ ਪੜ੍ਹੇ-ਲਿਖੇ ਤੇ ਸੂਝਵਾਨ ਹੋਣ ਦਾ ਸਬੂਤ ਦੇਣ ਲਈ ਸਰਬਸੰਮਤੀ ਨਾਲ ਅਗਾਊਂ ਫ਼ੈਸਲਾ ਕਰ ਲਿਆ ਸੀ, ਜਿਸ ਤਹਿਤ ਬੂਥ ਲਾਉਣ ਤੋਂ ਪ੍ਰਹੇਜ਼ ਕਰਦਿਆਂ ਸਿਆਸੀ ਝੰਡੀਆਂ ਵੀ ਨਹੀਂ ਲਾਈਆਂ।
ਪਿੰਡ ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਅਗਾਊਂ ਪਿੰਡ ’ਚ ਕਹਿ ਦਿੱਤਾ ਸੀ ਕਿ ਵੋਟਾਂ ਲਈ ਨਾ ਕੋਈ ਬੂਥ ਲੱਗੇਗਾ ਤੇ ਨਾ ਹੀ ਝੰਡੀ ਅਤੇ ਵੋਟਰ ਆਪਣੀ ਮਰਜ਼ੀ ਨਾਲ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ। ਪਿੰਡ ਸਿੱਧਵਾਂ ਖੁਰਦ ਦੇ ਜਤਿੰਦਰ ਸਿੰਘ ਸਿੱਧਵਾਂ, ਹਰਕੀਰਤ ਸਿੰਘ, ਮਨਦੀਪ ਸਿੰਘ ਜਿੰਮੀ ਅਤੇ ਸੁਖਦੀਪ ਸਿੰਘ ਸਿੱਧਵਾਂ ਨੇ ਕਿਹਾ ਕਿ ਪਿੰਡ ਮੁੱਢ ਤੋਂ ਪੜ੍ਹਿਆ-ਲਿਖਿਆ ਤੇ ਅਗਾਂਹਵਧੂ ਹੈ, ਇਸ ਦਾ ਸਬੂਤ ਪੇਸ਼ ਕਰਨ ਦਾ ਇਹ ਚੋਣਾਂ ਢੁੱਕਵਾਂ ਮੌਕਾ ਸਨ। ਇਸ ਲਈ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਉਨ੍ਹਾਂ ਇਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ।