ਸੁਖਦੇਵ ਸਿੰਘ ਸੰਤੇ ਮਾਜਰਾ
ਕੋਈ ਸਮਾਂ ਸੀ ਜਦੋਂ ਸਾਡੇ ਜੀਵਨ ਵਿਚ ਸਾਇਕਲ ਦੀ ਬਹੁਤ ਮਹਿਮਾ ਅਤੇ ਉਪਯੋਗਤਾ ਸੀ। ਘਰਾਂ ਦੇ ਨਿੱਕੇ-ਮੋਟੇ ਕੰਮ ਕਰਨ, ਦੂਰ-ਨੇੜੇ ਆਉਣ-ਜਾਣ ਲਈ ਸਾਧਨ ਦੇ ਤੌਰ ਤੇ ਇਸ ਦੀ ਵਰਤੋਂ ਹੁੰਦੀ ਸੀ। ਸ਼ਹਿਰੋਂ ਖਾਦ, ਫੀਡ ਦਾ ਥੈਲਾ ਵੀ ਸਾਇਕਲ ਤੇ ਲੈ ਕੇ ਆਉਂਦੇ ਸੀ। ਪਿੰਡਾਂ ਵਿਚ ਸਬਜ਼ੀ ਅਤੇ ਹੋਰ ਸਮਾਨ ਵੇਚਣ ਲਈ ਫੇਰੀ ਲਾਉਣ ਵਾਲੇ ਸਾਇਕਲ ਤੇ ਹੀ ਗੇੜੀ ਲਾਉਂਦੇ ਸਨ। ਵਿਆਹ-ਸ਼ਾਦੀਆਂ ਵਿਚ ਕੁੜੀ ਦੇ ਮਾਪੇ ਦਾਜ ਵਿਚ ਸਾਇਕਲ ਦਿੰਦੇ ਸਨ।
ਅੱਜਕੱਲ੍ਹ ਜ਼ਮਾਨੇ ਬਦਲ ਗਏ ਹਨ। ਆਬਾਦੀ ਵਧਣ ਅਤੇ ਮੋਟਰ ਸਾਇਕਲਾਂ, ਸਕੂਟਰਾਂ, ਕਾਰਾਂ ਤੇ ਹੋਰ ਵਾਹਨਾਂ ਦੇ ਆਉਣ ਨਾਲ ਸੜਕਾਂ ਤੇ ਭੀੜ-ਭੜੱਕਾ ਬਹੁਤ ਵਧ ਗਿਆ ਹੈ ਤੇ ਸਾਇਕਲਾਂ ਦੀ ਵਰਤੋਂ ਬਹੁਤ ਘਟ ਗਈ ਹੈ। ਅੱਜਕੱਲ੍ਹ ਤਾਂ ਪਾੜ੍ਹੇ ਵੀ ਸਕੂਲਾਂ ਕਾਲਜਾਂ ਨੂੰ ਮੋਟਰ ਸਾਇਕਲਾਂ ਅਤੇ ਕਾਰਾਂ ਤੇ ਜਾਂਦੇ ਹਨ। ਸਾਡੇ ਵੇਲੇ ਹੋਰ ਸਨ, ਅਸੀਂ ਤਾਂ ਪੈਦਲ ਹੀ ਜਾਂ ਸਾਇਕਲਾਂ ਉੱਤੇ ਸਕੂਲ ਕਾਲਜ ਜਾਂਦੇ ਸਾਂ। ਪਿੰਡਾਂ ਨੂੰ ਜਾਣ ਵਾਲੇ ਰਸਤੇ ਅਤੇ ਪਹੁੰਚ ਮਾਰਗ ਉਦੋਂ ਕੱਚੇ ਹੀ ਹੁੰਦੇ ਸਨ।
ਇਹ ਗੱਲ 1955-56 ਦੀ ਹੈ। ਖਰੜ ਦੇ ਖਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕਰ ਕੇ ਅਸੀਂ ਕੁਝ ਮਿੱਤਰ- ਮਦਨਹੇੜੀ ਦਾ ਤਜਿੰਦਰ ਲੇਘਾ, ਛੱਜੂ ਮਾਜਰੇ ਦਾ ਜਸਵੰਤ ਸਿੱਧੂ, ਤਰਲੋਚਨ ਸਿੱਧੂ ਤੇ ਮੈਂ ਅੰਬਾਲੇ ਦੇ ਡੀਏਵੀ ਕਾਲਜ ਵਿਚ ਦਾਖਲ ਹੋ ਗਏ ਤੇ ਦੋ ਸਾਲ ਹੋਸਟਲ ਵਿਚ ਰਹੇ। ਉੱਥੋਂ ਬਾਰ੍ਹਵੀਂ ਕਰ ਕੇ ਅਸੀਂ ਆਪਣੇ ਘਰ ਆ ਗਏ। ਉਦੋਂ ਸਾਡੇ ਨੇੜੇ ਰੋਪੜ ਦਾ ਸਰਕਾਰੀ ਕਾਲਜ ਹੁੰਦਾ ਸੀ ਜਾਂ ਫਿਰ ਨਵੇਂ ਬਣੇ ਚੰਡੀਗੜ੍ਹ ਦਾ ਸਰਕਾਰੀ ਕਾਲਜ। ਪਾਇਲਟ ਬਣਨ ਲਈ ਤਜਿੰਦਰ ਦੀ ਏਅਰ ਫੋਰਸ ਵਿਚ ਚੋਣ ਹੋ ਗਈ ਜਿਹੜਾ ਬਾਅਦ ਵਿਚ ਵਿੰਗ ਕਮਾਂਡਰ ਰਿਟਾਇਰ ਹੋਇਆ। ਜਸਵੰਤ ਨੇ ਅੰਬਾਲੇ ਦੇ ਸੋਹਣ ਲਾਲ ਟਰੇਨਿੰਗ ਕਾਲਜ ਵਿਚ ਬੀਟੀ ਵਿਚ ਦਾਖਲਾ ਲੈ ਲਿਆ। ਮੈਂ ਅਤੇ ਤਰਲੋਚਨ ਸਿੱਧੂ ਨੇ ਚੰਡੀਗੜ੍ਹ ਦੇ ਨਵੇਂ ਬਣੇ ਡੀਏਵੀ ਕਾਲਜ ਵਿਚ ਦਾਖਲਾ ਲੈ ਲਿਆ।
ਅਸੀਂ ਸਾਇਕਲਾਂ ਉੱਤੇ ਹੀ 10 ਸੈਕਟਰ ਡੀਏਵੀ ਕਾਲਜ ਜਾਂਦੇ। ਚੰਡੀਗੜ੍ਹ ਦੁਆਲੇ ਦੇ ਬਹੁਤ ਸਾਰੇ ਹੋਰ ਮੁੰਡੇ ਵੀ ਸਾਇਕਲਾਂ ਤੇ ਹੀ ਸਕੂਲ ਕਾਲਜ ਜਾਂਦੇ। ਮੈਂ ਤੇ ਮੇਰੇ ਪਿੰਡ ਦਾ ਜੂਨੀਅਰ ਸਾਥੀ ਲਾਜ ਸਿੰਘ ਪਹਿਲਾਂ ਆਪਣੇ ਪਿੰਡ ਸੰਤੇ ਮਾਜਰੇ ਤੋਂ ਛੱਜੂ ਮਾਜਰੇ ਜਾਂਦੇ ਤੇ ਉੱਥੋਂ ਤਰਲੋਚਨ ਸਿੰਘ ਨੂੰ ਨਾਲ ਲੈਂਦੇ ਤੇ ਫਿਰ ਪਿੰਡ ਬੱਲੋ ਮਾਜਰੇ ਵਿਚੀਂ ਹੁੰਦੇ ਹੋਏ ਦਾਊਂ ਕੋਲ ਖਰੜ-ਚੰਡੀਗੜ੍ਹ ਰੋਡ ਤੇ ਚੜ੍ਹ ਜਾਂਦੇ ਜਿਹੜੀ ਉਦੋਂ ਇਕ-ਮਾਰਗੀ ਹੀ ਹੁੰਦੀ ਸੀ। ਭੀੜ-ਭੜੱਕਾ ਵੀ ਨਹੀਂ ਸੀ ਹੁੰਦਾ। ਚੰਡੀਗੜ੍ਹ ਉਦੋਂ 35 ਸੈਕਟਰ ਕਿਸਾਨ ਭਵਨ ਤੋਂ ਸ਼ੁਰੂ ਹੁੰਦਾ ਸੀ। ਮੁਹਾਲੀ ਤਾਂ ਕੇਵਲ ਪਿੰਡ ਹੀ ਹੁੰਦਾ ਸੀ। ਹਰ ਰੋਜ਼ ਚੰਡੀਗੜ੍ਹ 10-12 ਕਿਲੋਮੀਟਰ ਆਉਣ-ਜਾਣ ਨਾਲ ਸਰੀਰਕ ਕਸਰਤ ਵੀ ਵਾਹਵਾ ਹੋ ਜਾਂਦੀ ਸੀ।
ਜਦੋਂ ਮੈਂ ਬੀਏ ਫਾਈਨਲ ਵਿਚ ਸੀ ਤਾਂ ਮੇਰੇ ਪਿਤਾ ਜੀ ਨੇ ਇਕ ਦਿਨ ਆਪਣੇ ਕਿਸੇ ਮਿੱਤਰ ਨੂੰ ਹਾਈਕੋਰਟ ਚਿੱਠੀ ਪੁੱਜਦੀ ਕਰਨ ਲਈ ਕਿਹਾ। ਹਾਈਕੋਰਟ ਜਾਣ ਲਈ ਮੈਂ ਆਪਣੇ ਪਿੰਡ ਵਾਲੇ ਲਾਜ ਸਿੰਘ ਦਾ ਨਵਾਂ ਸਾਇਕਲ ਲੈ ਲਿਆ ਤੇ ਉਹਨੂੰ ਕਿਹਾ ਕਿ ਜੇਕਰ ਮੈਂ ਲੇਟ ਹੋ ਗਿਆ ਤਾਂ ਉਹ ਮੇਰਾ ਪੁਰਾਣਾ ਸਾਇਕਲ ਲੈ ਕੇ ਪਿੰਡ ਚਲਾ ਜਾਵੇ, ਮੈਂ ਬਾਅਦ ਵਿਚ ਆ ਜਾਵਾਂਗਾ।
ਹਾਈਕੋਰਟ ਪੁੱਜ ਕੇ ਮੈਂ ਸਾਇਕਲ ਸਟੈਂਡ ਉੱਤੇ ਸਾਇਕਲ ਖੜ੍ਹਾ ਕੀਤਾ ਤੇ ਜੰਦਰਾ ਮਾਰ ਕੇ ਚਿੱਠੀ ਲੋੜੀਂਦੇ ਸੱਜਣ ਨੂੰ ਦੇਣ ਅੰਦਰ ਚਲਾ ਗਿਆ। ਕੁਝ ਹੀ ਮਿੰਟਾਂ ਬਾਅਦ ਬਾਹਰ ਆ ਕੇ ਜਦੋਂ ਦੇਖਿਆ ਤਾਂ ਸਾਇਕਲ ਉੱਥੇ ਨਹੀਂ ਸੀ। ਕੋਈ ਜਣਾ ਚੋਰ ਚਾਬੀ ਦੇ ਖੰਭ ਲਾ ਕੇ ਉਸ ਨੂੰ ਉਡਾ ਕੇ ਲੈ ਗਿਆ ਸੀ। ਕੁਝ ਦੇਰ ਮੈਂ ਨਿੰਮੋਝੂਣਾ ਜਿਹਾ ਹੋਇਆ ਉੱਥੇ ਖੜ੍ਹਾ ਰਿਹਾ ਕਿ ਸ਼ਾਇਦ ਕੋਈ ਗ਼ਲਤੀ ਨਾਲ ੇਰਾ ਸਾਇਕਲ ਲੈ ਗਿਆ ਹੋਵੇ ਤੇ ਮੋੜ ਲਿਆਵੇ ਪਰ ਕਿੱਥੇ! ੍ਹਾਰ ਕੇ ਮੈਂ 17 ਸੈਕਟਰ ਦੇ ਬੱਸ ਅੱਡੇ ਤੱਕ ਤੁਰ ਕੇ ਗਿਆ ਤੇ ਉੱਥੋਂ ਬੱਸ ਫੜ ਕੇ ਖਰੜ ਪੁੱਜਾ। ਫਿਰ ਉੱਥੋਂ ਪੈਦਲ ਤੁਰ ਕੇ ਸ਼ਾਮੀਂ ਆਪਣੇ ਪਿੰਡ ਪੁੱਜਾ। ਦੂਜੇ ਦਿਨ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਅਸੀਂ ਸਾਇਕਲ ਨੰਬਰ ਅਤੇ ਹੋਰ ਜਾਣਕਾਰੀ ਦੇ ਕੇ ਚੰਡੀਗੜ੍ਹ ਥਾਣੇ ਰਿਪੋਰਟ ਲਿਖਵਾ ਦੇਈਏ। ਅਗਲੇ ਦਿਨ ਅਸੀਂ ਚੰਡੀਗੜ੍ਹ ਥਾਣੇ ਰਿਪੋਰਟ ਲਿਖਵਾ ਦਿੱਤੀ, ਨਾਲ ਹੀ ਆਪਣੇ ਮਿੱਤਰ ਲਾਜ ਨੂੰ ਹੌਸਲਾ ਦਿੱਤਾ- ਤੇਰਾ ਸਾਇਕਲ ਮਿਲੇ ਜਾਂ ਨਾ, ਅਸੀਂ ਤੈਨੂੰ ਨਵਾਂ ਸਾਇਕਲ ਲੈ ਦੇਵਾਂਗੇ।
ਖ਼ੈਰ! ਦੋ-ਚਾਰ ਦਿਨ ਅਸੀਂ ਇਕ ਹੀ ਸਾਇਕਲ ਤੇ ਕਾਲਜ ਜਾਂਦੇ ਰਹੇ। ਅਸੀਂ ਸਾਇਕਲ ਨਵਾਂ ਖਰੀਦਣ ਦਾ ਪ੍ਰੋਗਰਾਮ ਅਜੇ ਬਣਾ ਹੀ ਰਹੇ ਸਾਂ ਕਿ ਥਾਣਿਓਂ ਸਾਨੂੰ ਸੁਨੇਹਾ ਪੁੱਜ ਗਿਆ ਕਿ ਤੁਹਾਡਾ ਸਾਇਕਲ ਮਿਲ ਗਿਆ ਹੈ। ਦੂਜੇ ਦਿਨ ਅਸੀਂ ਕਾਹਲੀ ਕਾਹਲੀ ਗਏ ਅਤੇ ਸਾਇਕਲ ਲੈ ਆਏ। ਸਾਇਕਲ ਮਿਲਣ ਤੇ ਬੜੇ ਹੀ ਖੁਸ਼ ਹੋਏ। ਸਾਇਕਲ ਮਿਲਣ ਦੀ ਕਹਾਣੀ ਬਾਰੇ ਪੁਲੀਸ ਵਾਲਿਆਂ ਸਾਨੂੰ ਦੱਸਿਆ ਕਿ ਤੁਹਾਡਾ ਸਾਇਕਲ ਸੈਕਟਰ 19 ਦੀ ਕਰਿਆਨੇ ਦੀ ਕਿਸੇ ਦੁਕਾਨ ਅੱਗਿਓਂ ਮਿਲਿਆ ਹੈ। ਦੁਕਾਨਦਾਰ ਦੱਸਦਾ ਸੀ ਕਿ ਕੋਈ ਬੰਦਾ ਘਿਓ ਦਾ ਪੀਪਾ ਇਹ ਕਹਿ ਕੇ ਲੈ ਗਿਆ ਕਿ ਉਸ ਦਾ ਘਰ ਨੇੜੇ ਹੀ ਹੈ, ਉਹ ਪੀਪਾ ਘਰੇ ਰੱਖ ਕੇ ਆਇਆ, ਆ ਕੇ ਪੈਸੇ ਦੇ ਕੇ ਸਾਇਕਲ ਚੁੱਕ ਲਵੇਗਾ ਪਰ ਉਹ ਮੁੜ ਕੇ ਆਇਆ ਹੀ ਨਹੀਂ।
ਸਾਇਕਲ ਨੂੰ ਖੰਭ ਲਾ ਕੇ ਉਡਾਉਣ ਵਾਲੇ ਚੋਰ ਦੀ ‘ਘਾਲ ਕਮਾਈ’ ਤੇ ਅਸੀਂ ਹੈਰਾਨ ਹੋ ਰਹੇ ਸਾਂ!
ਸੰਪਰਕ: 99151-29064