ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਮੰਡੀਕਰਨ ਕਾਨੂੰਨਾਂ ਦਾ ਵਿਰੋਧ ਕਰਨ ਵਿਚ ਬਹੁਤ ਦੇਰ ਲਗਾ ਦਿੱਤੀ ਅਤੇ ਲੰਮੇ ਸਮੇਂ ਤਕ ਦਲ ਦੇ ਆਗੂ ਇਨ੍ਹਾਂ ਕਾਨੂੰਨਾਂ (ਜੋ ਉਸ ਸਮੇਂ ਆਰਡੀਨੈਂਸ ਸਨ) ਨੂੰ ਕਿਸਾਨ-ਪੱਖੀ ਦੱਸਦੇ ਰਹੇ। ਕਿਸਾਨਾਂ ਦੇ ਭਾਰੀ ਵਿਰੋਧ ਅਤੇ ਸੰਘਰਸ਼ਮਈ ਤੇਵਰ ਦੇਖ ਕੇ ਦਲ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਤਿਲਕਣ ਲੱਗੀ ਤਾਂ ਪਾਰਟੀ ਸੱਤਾਮਈ ਨੀਂਦ ’ਚੋਂ ਜਾਗੀ। ਅਚਨਚੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿਚ ਬਿੱਲਾਂ ਦੇ ਵਿਰੋਧ ਵਿਚ ਬਿਆਨ ਦਿੰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਿਆ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਦੇ ਵਿਰੋਧੀਆਂ ਨੇ ਇਸ ਨੂੰ ਸਿਆਸੀ ਮੌਕਾਪ੍ਰਸਤੀ ਕਿਹਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਦੇਰ ਤਕ ਪੰਜਾਬ ਅਤੇ ਕਿਸਾਨਾਂ ਦੇ ਹੱਕਾਂ ਅਤੇ ਫੈਡਰਲਿਜ਼ਮ ਜਿਹੇ ਮੁੱਦਿਆਂ ਪ੍ਰਤੀ ਅਵਸੇਲਾ ਰਿਹਾ ਹੈ। ਸੱਤਾ-ਮੋਹ ਅਤੇ ਪਰਿਵਾਰਵਾਦ ਕਾਰਨ ਦਲ ਦੀ ਸਾਖ਼ ਨੂੰ ਘੁਣ ਲੱਗਾ ਹੈ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਦਲ ਦਾ ਸਿਆਸੀ ਆਧਾਰ ਕਾਫ਼ੀ ਵਿਸ਼ਾਲ ਹੈ। ਇਹ ਆਧਾਰ ਦਲ ਦੇ ਸੰਘਰਸ਼ਮਈ ਵਿਰਸੇ ਕਾਰਨ ਹੈ; ਗੁਰਦੁਆਰਾ ਸੁਧਾਰ ਲਹਿਰ, ਆਜ਼ਾਦੀ ਸੰਘਰਸ਼, ਪੰਜਾਬੀ ਸੂਬਾ ਲਹਿਰ, ਪੰਜਾਬ ਦੇ ਪਾਣੀਆਂ ਲਈ ਲਾਏ ਗਏ ਮੋਰਚੇ ਅਤੇ ਹੋਰ ਸੰਘਰਸ਼ਾਂ ਕਾਰਨ ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਅਤੇ ਖ਼ਾਸ ਕਰ ਕੇ ਪੰਜਾਬੀ ਕਿਸਾਨਾਂ ਦੇ ਅਵਚੇਤਨ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਵਿਚ ਭੁਗਤਣ ਵਾਲੀ ਇਤਿਹਾਸਕ ਪਾਰਟੀ ਹੈ। ਪਾਰਟੀ ਦੇ ਮੁੱਢਲੇ ਆਗੂਆਂ ਨੇ ਗੁਰਬਾਣੀ ਦੇ ਸਮਾਜਿਕ ਬਰਾਬਰੀ ਅਤੇ ਸੇਵਾ ਵਾਲੇ ਜਜ਼ਬਿਆਂ ਨੂੰ ਪਾਰਟੀ ਦੀ ਵਿਚਾਰਧਾਰਾ ਵਿਚ ਗੁੰਨ੍ਹਿਆ ਜਿਸ ਕਾਰਨ ਅਕਾਲੀ ਦਲ ਵਿਚ ਅਜਿਹਾ ਕਾਡਰ ਹੋਂਦ ਵਿਚ ਆਇਆ ਜਿਸ ਨੂੰ ਪੰਜਾਬੀਆਂ ਨੇ ਜਥੇਦਾਰ ਕਹਿ ਕੇ ਪਿਆਰ ਦਿੱਤਾ। ਉਸ ਕਾਡਰ ਦਾ ਹਿੱਸਾ ਅਤੇ ਅਸਰ ਪੰਜਾਬ ਵਿਚ ਅਜੇ ਵੀ ਮੌਜੂਦ ਹਨ। ਅਕਾਲੀ ਦਲ ਨੇ ਹਰ ਇਲਾਕੇ ਵਿਚ ਨਵਾਂ ਕਾਡਰ ਵੀ ਖੜ੍ਹਾ ਕੀਤਾ ਹੈ ਜਿਸ ਵਿਚ ਪੁਰਾਣੇ ਕਾਡਰ ਜਿਹੀ ਨਿਰਮਾਣਤਾ ਅਤੇ ਲੋਕ-ਪ੍ਰੇਮ ਤਾਂ ਨਹੀਂ ਪਰ ਉਸ ਕਾਡਰ ਕੋਲ ਸਾਧਨ ਅਤੇ ਵਸੀਲੇ ਬਾਕੀ ਪਾਰਟੀਆਂ ਤੋਂ ਕਿਤੇ ਜ਼ਿਆਦਾ ਹਨ। ਅਕਾਲੀ ਦਲ ਦੀ ਲੀਡਰਸ਼ਿਪ ਭਾਵੇਂ ਧਨੀ ਕਿਸਾਨੀ ਕੋਲ ਹੈ ਪਰ ਜ਼ਿਆਦਾ ਕਿਸਾਨੀ ਘੋਲਾਂ ਵਿਚ ਧਨੀ ਕਿਸਾਨਾਂ ਅਤੇ ਘੱਟ ਸਾਧਨਾਂ ਵਾਲੇ ਕਿਸਾਨਾਂ ਵਿਚਕਾਰ ਏਕਾ ਕਾਇਮ ਹੋ ਜਾਂਦਾ ਹੈ ਅਤੇ ਮਾਨਸਿਕ ਅਤੇ ਮਨੋਵਿਗਿਆਨਕ ਪੱਧਰ ’ਤੇ ਪੰਜਾਬ ਦੇ ਕਿਸਾਨ ਇਕ ਭਾਈਚਾਰਕ ਸਾਂਝ ਵਿਚ ਬੱਝ ਜਾਂਦੇ ਹਨ।
ਇਨ੍ਹਾਂ ਸੰਦਰਭਾਂ ਵਿਚ ਅਕਾਲੀ ਦਲ ਦੇ ਵੀਰਵਾਰ ਨੂੰ ਤਿੰਨ ਤਖਤਾਂ ਤੋਂ ਚੰਡੀਗੜ੍ਹ ਤਕ ਕੀਤੇ ਗਏ ਮਾਰਚ ਦਾ ਸਿਆਸੀ ਮਹੱਤਵ ਕਾ਼ਫ਼ੀ ਜ਼ਿਆਦਾ ਹੈ। ਦਲ ਨੇ ਭਾਵੇਂ ਇਹ ਅੰਦੋਲਨ ਕਾਫ਼ੀ ਦੇਰ ਬਾਅਦ ਸ਼ੁਰੂ ਕੀਤਾ ਪਰ ਇਸ ਦੇ ਸਿਆਸੀ ਅਸਰ ਪ੍ਰਤੱਖ ਦਿਖਾਈ ਦੇ ਰਹੇ ਹਨ। ਇਸ ਅੰਦੋਲਨ ਨੇ ਦਲ ਦੇ ਕਾਡਰ ਨੂੰ ਦੁਬਾਰਾ ਸਰਗਰਮ ਕਰਦਿਆਂ ਪਾਰਟੀ ਅਤੇ ਕਾਡਰ ਨੂੰ ਪੰਜਾਬ ਦੀ ਸਿਆਸਤ ਨੂੰ ਕੇਂਦਰ ਵਿਚ ਲੈ ਆਂਦਾ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਦੋਸ਼ ਲਗਾ ਰਹੀਆਂ ਹਨ ਕਿ ਦਲ ਨੇ ਕਿਸਾਨ ਅੰਦੋਲਨ ਨੂੰ ਅਗਵਾ ਕਰ ਲਿਆ ਹੈ। ਇਨ੍ਹਾਂ ਪਾਰਟੀਆਂ ਤੇ ਜਥੇਬੰਦੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸੀ ਮੌਕਾਪ੍ਰਸਤੀ ਸਿਆਸਤ ਦਾ ਇਕ ਅਹਿਮ ਹਿੱਸਾ ਹੈ। ਮੁੱਖ ਮੁੱਦਾ ਇਹ ਹੈ ਕਿ ਕਿਸਾਨ ਉਸ ਜਥੇਬੰਦੀ ਜਾਂ ਪਾਰਟੀ ਵੱਲ ਹੀ ਖਿੱਚੇ ਜਾਣਗੇ ਜਿਹੜੀ ਕਿਸਾਨਾਂ ਦੇ ਮਨਾਂ ਵਿਚ ਕਿਸਾਨ ਅੰਦੋਲਨ ਨੂੰ ਮਜ਼ਬੂਤੀ ਦੇਣ ਦੇ ਨਾਲ ਨਾਲ ਬਦਲਵੀਂ ਸਿਆਸਤ ਦੇਣ ਵਾਲਾ ਅਕਸ ਬਣਾਏਗੀ। ਅਕਾਲੀ ਦਲ ਕੋਲ ਫੈਡਰਲਿਜ਼ਮ ਦੇ ਹੱਕ ਵਿਚ ਖਲੋਣ ਵਾਲੀ ਸਿਆਸਤ ਦਾ ਵਿਰਸਾ ਜਿਸ ਨੂੰ ਉਸ ਨੇ ਲੰਮੀ ਦੇਰ ਤਕ ਵਿਸਾਰੀ ਰੱਖਿਆ ਹੈ, ਵੀ ਹੈ। ਦੂਸਰੀਆਂ ਖੇਤਰੀ ਪਾਰਟੀਆਂ ਨੂੰ ਫੈਡਰਲਿਜ਼ਮ ਦੇ ਪਲੇਟਫਾਰਮ ’ਤੇ ਇਕੱਠੇ ਕਰ ਕੇ ਅਕਾਲੀ ਦਲ ਅਜਿਹੀ ਸਿਆਸਤ ਦਾ ਪਿੜ ਫਿਰ ਭਖਾ ਸਕਦਾ ਹੈ। ਪੰਜਾਬੀਆਂ ਦੇ ਮਨ ਵਿਚ ਦਲ ਪ੍ਰਤੀ ਭਾਰੀ ਨਾਰਾਜ਼ਗੀਆਂ ਹਨ ਪਰ ਇਸ ਦੇ ਬਾਵਜੂਦ ਖੇਤੀ ਮੰਡੀਕਰਨ ਦੇ ਕਾਨੂੰਨਾਂ ਵਿਰੁੱਧ ਪੈਂਤੜਾ ਲੈਂਦਿਆਂ ਅਤੇ ਆਪਣੇ ਕਾਡਰ ਨੂੰ ਸਰਗਰਮ ਕਰ ਕੇ ਅਕਾਲੀ ਦਲ ਨੇ ਨਾ ਸਿਰਫ਼ ਸੂਬੇ ਦੀ ਸਿਆਸਤ ਨੂੰ ਹਲੂਣਾ ਦਿੱਤਾ ਹੈ ਸਗੋਂ ਪਾਰਟੀ ਦੀ ਹੋਂਦ ਨੂੰ ਬਚਾਉਣ ਵੱਲ ਵੀ ਵੱਡਾ ਕਦਮ ਚੁੱਕਿਆ ਹੈ।