ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਨਵੰਬਰ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਵਿਚ ਅੱਜ ਸ਼ਾਮ ਵਿਆਹੁਤਾ ਵਿਜੈ ਕੌਰ (31) ਨੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਵੇਰੇ ਪੰਚਾਇਤੀ ਰਾਜ਼ੀਨਾਮੇ ਦੌਰਾਨ ਉਸ ਨੂੰ ਬੇਇੱਜ਼ਤ ਕੀਤਾ ਗਿਆ ਸੀ ਜਿਸ ਕਾਰਨ ਜ਼ਲਾਲਤ ਨਾ ਸਹਿਣ ਕਰਦੇ ਹੋਏ ਉਸ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਵਿਜੈ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਹੀ ਸ਼ਾਮਲਾਤ ਜਗ੍ਹਾ ਸੀ ਜਿੱਥੇ ਉਨ੍ਹਾਂ ਦਾ ਕਬਜ਼ਾ ਹੈ ਪਰ ਪਿੰਡ ਦੇ ਹੀ ਵਸਨੀਕ ਉਨ੍ਹਾਂ ਦੇ ਭਾਈਚਾਰੇ ਨਾਲ ਸਬੰਧਿਤ ਕੁਝ ਲੋਕਾਂ ਅਤੇ ਪੰਚਾਇਤ ਨੇ ਇਹ ਕਬਜ਼ਾ ਛੁਡਵਾ ਲਿਆ ਜਿੱਥੇ ਮੰਦਰ ਨਿਰਮਾਣ ਸ਼ੁਰੂ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੰਚਾਇਤ ਨੇ ਕੁਝ ਵਿਅਕਤੀਆਂ ਤੋਂ ਇਹ ਜਗ੍ਹਾ ਨਹੀਂ ਛੁਡਵਾਈ ਜਦਕਿ ਉਨ੍ਹਾਂ ਕੋਲੋਂ ਜ਼ਮੀਨ ਖਾਲੀ ਕਰਵਾ ਲਈ ਜਿਸ ਸਬੰਧੀ ਦੋ ਦਿਨ ਪਹਿਲਾਂ ਵੀ ਤਕਰਾਰਬਾਜ਼ੀ ਹੋਈ। ਕੁਝ ਵਿਅਕਤੀਆਂ ਨੇ ਉਸ ਦੀ ਪਤਨੀ ਵਿਜੈ ਕੌਰ ਖਿਲਾਫ਼ ਕੂੰਮਕਲਾਂ ਥਾਣੇ ’ਚ ਸ਼ਿਕਾਇਤ ਦਿੱਤੀ। ਰਾਜ਼ੀਨਾਮੇ ਦੌਰਾਨ ਵਿਜੈ ਕੌਰ ਨੂੰ ਕਾਫ਼ੀ ਜ਼ਲੀਲ ਕੀਤਾ ਗਿਆ ਅਤੇ ਉਸ ਕੋਲੋਂ ਭਰੀ ਪੰਚਾਇਤ ’ਚ ਮੁਆਫ਼ੀ ਮੰਗਵਾ ਕੇ ਪੈਰੀ ਹੱਥ ਵੀ ਲਗਵਾਏ ਗਏ। ਕੂਮਕਲਾਂ ਪੁਲੀਸ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਅਦਾਲਤ ’ਚ ਗਏ ਸਨ ਪਰ ਉਹ ਮਾਮਲੇ ਦੀ ਜਾਣਕਾਰੀ ਹਾਸਲ ਕਰ ਕੇ ਕਾਰਵਾਈ ਕਰਨਗੇ।