ਗੁਰਿੰਦਰ ਸਿੰਘ
ਲੁਧਿਆਣਾ, 23 ਜਨਵਰੀ
ਖੱਤਰੀ ਭਾਈਚਾਰੇ ਨੇ ਅਕਾਲੀ-ਬਸਪਾ ਉਮੀਦਵਾਰਾਂ ਦੀ ਹਮਾਇਤ ਦਾ ਫ਼ੈਸਲਾ ਕਰਦਿਆਂ ਕੌਂਸਲਰ ਯੁਵਰਾਜ ਮਲਹੋਤਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ।
ਵਿਧਾਨ ਸਭਾ ਹਲਕਾ ਕੇਂਦਰੀ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰਿਤਪਾਲ ਸਿੰਘ ਦੇ ਮੋਹਰ ਸਿੰਘ ਨਗਰ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਹੋਏ ਸਮਾਗਮ ਦੌਰਾਨ ਆਗੂਆਂ ਨੇ ਅਕਾਲੀ-ਬਸਪਾ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਦਾ ਫ਼ੈਸਲਾ ਕੀਤਾ। ਯੁਵਰਾਜ ਨੇ ਵਿਸ਼ਵਾਸ ਦਿਵਾਇਆ ਕਿ ਹਲਕੇ ਦੀ ਇਕ ਇਕ ਵੋਟ ਉਨ੍ਹਾਂ ਦੇ ਹੱਕ ਵਿੱਚ ਭੁਗਤਾਈ ਜਾਵੇਗੀ। ਉਮੀਦਵਾਰ ਪ੍ਰਿਤਪਾਲ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ, ਕੌਂਸਲਰ ਯੁਵਰਾਜ ਮਲਹੋਤਰਾ ਅਤੇ ਸਾਥੀਆਂ ਵੱਲੋਂ ਦਿੱਤੇ ਭਰੋਸੇ ਲਈ ਧੰਨਵਾਦ ਪ੍ਰਗਟ ਕਰਦਿਆਂ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਤੀਕ ਉਲ ਰਹਿਮਾਨ ਲੁਧਿਆਣਵੀ, ਰਵਿੰਦਰਪਾਲ ਸਿੰਘ ਖਾਲਸਾ, ਤੇਜਿੰਦਰ ਸਿੰਘ ਡੰਗ, ਬਲਵਿੰਦਰ ਸਿੰਘ ਲਾਇਲਪੁਰੀ, ਮਨਪ੍ਰੀਤ ਸਿੰਘ ਮੰਨਾ ਮੌਜੂਦ ਸਨ।