ਕੁਲਦੀਪ ਸਿੰਘ
ਚੰਡੀਗੜ੍ਹ, 6 ਮਈ
ਇਥੇ ਪੰਜਾਬ ਯੂਨੀਵਰਸਿਟੀ ਦੀ 69ਵੀਂ ਕਾਨਵੋਕੇਸ਼ਨ ਅੱਜ ’ਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਹੋਈ। ਇਸ ਮੌਕੇ ਉਪ-ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਐਮ. ਵੈਂਕਈਆ ਨਾਇਡੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਅਹਿਮ ਸ਼ਖ਼ਸੀਅਤਾਂ ਨੂੰ ਆਨਰੇਰੀ ਉਪਾਧੀਆਂ ਅਤੇ ਪੰਜਾਬ ਯੂਨੀਵਰਸਿਟੀ ਰਤਨ ਐਵਾਰਡ ਪ੍ਰਦਾਨ ਕੀਤੇ। ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੀ ਅਗਵਾਈ ਹੇਠ ਹੋਈ ਕਾਨਵੋਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕੇਂਦਰੀ ਮੰਤਰੀ ਸੋਮਨਾਥ ਵੀ ਹਾਜ਼ਰ ਸਨ।
ਸ੍ਰੀ ਨਾਇਡੂ ਨੇ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਜੀਵਨ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਪੰਜ ਗੁਣਾਂ ‘ਸਤਿ (ਇਮਾਨਦਾਰੀ, ਸੱਚਾ ਵਿਹਾਰ), ਸੰਤੋਖ (ਸੰਤੁਸ਼ਟੀ), ਦਇਆ (ਦਿਆਲਤਾ), ਨਿਮਰਤਾ (ਹਲੀਮੀ) ਅਤੇ ਪਿਆਰ (ਸਨੇਹ) ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਰਾਸ਼ਟਰੀ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਮਾਤ ਭਾਸ਼ਾ ਵਿੱਚ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਤੇ ਅਦਾਲਤੀ ਕੰਮਾਂ ਲਈ ਆਮ ਲੋਕਾਂ ਦੀ ਭਾਸ਼ਾ ਨੂੰ ਵਰਤਿਆ ਜਾਵੇ।
ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਦਰਾਂ-ਕੀਮਤਾਂ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਵਿੱਚ ਪੈਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ 21ਵੀਂ ਸਦੀ ਵਿੱਚ ਜਾਤ, ਨਸਲ ਅਤੇ ਧਰਮ ’ਤੇ ਆਧਾਰਿਤ ਵੰਡ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਪੰਜਾਬ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸ੍ਰੀ ਨਾਇਡੂ ਨੇ ਇਸ ’ਵਰਸਿਟੀ ਨੂੰ ਉੱਜਲ ਭਵਿੱਖ ਵਾਲੀ ਸਿੱਖਿਆ ਸੰਸਥਾ ਕਿਹਾ ਅਤੇ ਵਿਦਿਆਰਥੀਆਂ ਦੇ ਖੇਡਾਂ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਵੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਐਵਾਰਡ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਨਵੋਕੇਸ਼ਨ ਦੀ ਸ਼ੁਰੂਆਤ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਦੇ ਵਫ਼ਦ ਵੱਲੋਂ ਅੱਜ ਉਪ-ਰਾਸ਼ਟਰਪਤੀ ਤੇ ਪੀਯੂ ਦੇ ਚਾਂਸਲਰ ਐੱਮ. ਵੈਂਕਈਆ ਨਾਇਡੂ ਦੀ ਚੰਡੀਗੜ੍ਹ ਆਮਦ ਦੌਰਾਨ ਸੈਕਟਰ 3 ਸਥਿਤ ਰਾਜ ਭਵਨ ਵਿੱਚ ਮੁਲਾਕਾਤ ਕੀਤੀ ਗਈ। ਵਫ਼ਦ ਵਿੱਚ ਸ਼ਾਮਲ ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ, ਵਾਈਸ ਪ੍ਰਧਾਨ ਪ੍ਰੋ. ਸੁਪਿੰਦਰ ਕੌਰ, ਜੁਆਇੰਟ ਸਕੱਤਰ ਸਰਵਨਰਿੰਦਰ ਕੌਰ, ਕੈਸ਼ੀਅਰ ਨਿਤਿਨ ਅਰੋੜਾ ਨੇ ਚਾਂਸਲਰ ਨਾਲ ਮੁਲਾਕਾਤ ਦੌਰਾਨ ਮੰਗ ਕੀਤੀ ਕਿ ਐੱਮ.ਐੱਚ.ਏ. ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਯੂ.ਜੀ.ਸੀ. ਰੈਗੂਲੇਸ਼ਨਾਂ ਤੇ ਨਿਯਮਾਂ ਨੂੰ ਪੀਯੂ ਵਿੱਚ ਲਾਗੂ ਕੀਤਾ ਜਾਵੇ। ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਦੱਸਿਆ ਕਿ ਚਾਂਸਲਰ ਸ੍ਰੀ ਨਾਇਡੂ ਨੇ ਪੂਟਾ ਅਹੁਦੇਦਾਰਾਂ ਦੀ ਗੱਲ ਨੂੰ ਗਹੁ ਨਾਲ ਸੁਣਿਆ। ਪੂਟਾ ਨੇ ਉਮੀਦ ਕੀਤੀ ਕਿ ਪੀਯੂ ਦੇ ਅਧਿਆਪਕਾਂ ਉੱਤੇ ਵੀ ਕੇਂਦਰੀ ਤਨਖਾਹ ਸਕੇਲ ਜਲਦ ਲਾਗੂ ਹੋਣਗੇ।
ਚਾਂਸਲਰ ਪ੍ਰੋ. ਜਗਬੀਰ ਸਿੰਘ ਨੂੰ ਸਾਹਿਤ ਰਤਨ ਨਾਲ ਸਨਮਾਨਿਆ
ਕਾਨਵੋਕੇਸ਼ਨ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ, ਭਾਰਤ ਬਾਇਓਟੈਕ ਦੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਐੱਲਾ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਚਿੱਤਰਾ ਐੱਲਾ ਨੂੰ ਡਾਕਟਰ ਆਫ਼ ਸਾਇੰਸ ਦੀ ਡਿਗਰੀ ਦਿੱਤੀ ਗਈ। ਇਸ ਤੋਂ ਇਲਾਵਾ ਨੈਸ਼ਨਲ ਕਾਊਂਸਿਲ ਆਫ਼ ਰਿਸਰਚ ਐਂਡ ਟ੍ਰੇਨਿੰਗ ਦੇ ਸਾਬਕਾ ਡਾਇਰੈਕਟਰ ਪ੍ਰੋ. ਜੇ.ਐੱਸ. ਰਾਜਪੂਤ ਨੂੰ ਗਿਆਨ ਰਤਨ, ਹਾਕੀ ਖਿਡਾਰਨ ਰਾਣੀ ਰਾਮਪਾਲ ਨੂੰ ਖੇਡ ਰਤਨ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੂੰ ਸਾਹਿਤ ਰਤਨ, ਓਂਕਾਰ ਸਿੰਘ ਪਾਹਵਾ ਨੂੰ ਉਦਯੋਗ ਰਤਨ, ਖਾਂਡੂ ਵਾਂਗਚੁਕ ਭੂਟੀਆ ਨੂੰ ਕਲਾ ਰਤਨ ਸ਼੍ਰੇਣੀ ਵਿੱਚ ਪੰਜਾਬ ਯੂਨੀਵਰਸਿਟੀ ਰਤਨ ਨਾਲ ਸਨਮਾਨਤ ਕੀਤਾ ਗਿਆ। ਡਾ. ਕ੍ਰਿਸ਼ਨਾ ਐੱਲਾ ਅਤੇ ਸ੍ਰੀਮਤੀ ਸੁਚਿੱਤਰਾ ਐੱਲਾ ਕਾਨਵੋਕੇਸ਼ਨ ਵਿੱਚ ਨਹੀਂ ਪਹੁੰਚ ਸਕੇ ਸਨ। ਇਸ ਤੋਂ ਇਲਾਵਾ ਸਾਲ 2019-22 ਲਈ ਪੀਐੱਚ. ਡੀ. ਦੇ ਕੁੱਲ 1128 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।