ਕੋਲਕਾਤਾ, 13 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ’ਤੇ 24 ਘੰਟੇ ਦੀ ਪਾਬੰਦੀ ਲਾਉਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਅੱਜ ਤਕਰੀਬਨ ਸਾਢੇ ਤਿੰਨ ਘੰਟੇ ਦਾ ਧਰਨਾ ਦਿੱਤਾ। ਮਮਤਾ ਨੇ ਜ਼ਖ਼ਮੀ ਹੋਣ ਕਾਰਨ ਅੱਜ ਵ੍ਹੀਲਚੇਅਰ ’ਤੇ ਬੈਠ ਕੇ ਸਵੇਰੇ ਕਰੀਬ 11.40 ਵਜੇ ਮਾਇਓ ਸੜਕ ਪਹੁੰਚੀ ਅਤੇ ਉਨ੍ਹਾਂ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਬੈਠ ਕੇ ਧਰਨਾ ਸ਼ੁਰੂ ਕੀਤਾ। ਇਸ ਦੌਰਾਨ ਸੁਰੱਖਿਆ ਬਲਾਂ ਨੇ ਉਸ ਇਲਾਕੇ ਨੂੰ ਘੇਰੀ ਰੱਖਿਆ ਸੀ। ਧਰਨੇ ਸਮੇਂ ਟੀਐੱਮਸੀ ਦਾ ਕੋਈ ਨੇਤਾ ਜਾਂ ਹਮਾਇਤੀ ਉਨ੍ਹਾਂ ਨੇੜੇ ਨਹੀਂ ਦੇਖਿਆ ਗਿਆ। ਇਸ ਸਬੰਧੀ ਸਵਾਲ ਕੀਤੇ ਜਾਣ ’ਤੇ ਟੀਐੱਮਸੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ, ‘ਰੋਸ ਮੁਜ਼ਾਹਰੇ ਵਾਲੀ ਥਾਂ ਨੇੜੇ ਪਾਰਟੀ ਦੇ ਕਿਸੇ ਆਗੂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਉੱਥੇ ਇਕੱਲੀ ਹੀ ਧਰਨੇ ’ਤੇ ਬੈਠੀ ਸੀ।’ ਮਮਤਾ ਬੈਨਰਜੀ ਨੇ ਰੋਸ ਵਜੋਂ ਗਲੇ ’ਚ ਕਾਲਾ ਸਕਾਰਫ ਲਪੇਟਿਆ ਹੋਇਆ ਸੀ। ਧਰਨੇ ਦੌਰਾਨ ਉਨ੍ਹਾਂ ਪੇਂਟਿੰਗ ਕੀਤੀ। ਪੇਂਟਿੰਗ ਕਰਨਾ ਉਨ੍ਹਾਂ ਦੇ ਪਸੰਦੀਦਾ ਸ਼ੌਕਾਂ ’ਚੋਂ ਇੱਕ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੇ ਕੇਂਦਰੀ ਬਲਾਂ ਖ਼ਿਲਫ਼ ਦਿੱਤੇ ਬਿਆਨਾਂ ਅਤੇ ਕਥਿਤ ਧਾਰਮਿਕ ਪ੍ਰਵਿਰਤੀ ਵਾਲੇ ਬਿਆਨ ਕਾਰਨ 24 ਘੰਟੇ ਤੱਕ ਚੋਣ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਮਮਤਾ ਨੇ ਟਵੀਟ ਕੀਤਾ ਸੀ, ‘ਚੋਣ ਕਮਿਸ਼ਨ ਦੇ ਗ਼ੈਰ-ਜਮਹੂਰੀ ਤੇ ਗ਼ੈਰ-ਸੰਵਿਧਾਨਕ ਫ਼ੈਸਲੇ ਦੇ ਵਿਰੋਧ ’ਚ ਮੈਂ ਭਲਕੇ (ਮੰਗਲਵਾਰ) ਨੂੰ ਦਿਨੇ 12 ਵਜੇ ਤੋਂ ਕੋਲਕਾਤਾ ’ਚ ਗਾਂਧੀ ਦੇ ਬੁੱਤ ਨੇੜੇ ਧਰਨੇ ’ਤੇ ਬੈਠਾਂਗੀ।’ ਸ਼ਹਿਰ ’ਚ ਧਰਨਾ ਦੇਣ ਨੂੰ ਲੈ ਕੇ ਮਮਤਾ ਬੈਨਰਜੀ ਦੀ ਆਲੋਚਨਾ ਕਰਦਿਆਂ ਪੱਛਮੀ ਬੰਗਾਲ ਭਾਜਪਾ ਦੇ ਮੁਖੀ ਦਿਲੀਪ ਘੋਸ਼ ਨੇ ਕਿਹਾ ਕਿ ਟੀਐੱਮਸੀ ਨੇਤਾ ਚੋਣ ਕਮਿਸ਼ਨ ਦਾ ਸਨਮਾਨ ਨਹੀਂ ਕਰਦੀ। ਉਨ੍ਹਾਂ ਕਿਹਾ, ‘ਅਜਿਹੀਆਂ ਮਿਸਾਲਾਂ ਹਨ ਜਦੋਂ ਚੋਣ ਕਮਿਸ਼ਨ ਨੇ ਸਾਡੇ ਨੇਤਾਵਾਂ ਦੇ ਚੋਣ ਪ੍ਰਚਾਰ ’ਤੇ ਪਾਬੰਦੀ ਲਗਾ ਦਿੱਤੀ ਸੀ। ਅਸੀਂ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਨਮਾਨ ਕੀਤਾ ਹੈ। ਉਨ੍ਹਾਂ (ਮਮਤਾ ਬੈਨਰਜੀ) ਜੋ ਕੀਤਾ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ।’ -ਪੀਟੀਆਈ