ਮਾਨਸਾ/ਪਟਿਆਲਾ: ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਨ ਦੇ ਲਏ ਗਏ ਫ਼ੈਸਲੇ ਤਹਿਤ ਭਲਕੇ 9 ਅਗਸਤ ਨੂੰ ਬੱਸਾਂ ਬੰਦ ਰੱਖੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋਂ ਵੀ 9 ਅਗਸਤ ਨੂੰ ਸੂਬਾ ਪੱਧਰੀ ਨੈਸ਼ਨਲ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਉਲਕਿਆ ਸੀ, ਪਰ ਅੱਜ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਬਾਦਲ ਤੇ ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਸਬੰਧੀ ਭਲਕੇ 9 ਅਗਸਤ ਨੂੰ ਜਥੇਬੰਦੀ ਦੇ ਆਗੂਆਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ ਲਈ ਹੈ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵੱਲੋਂ ਅੱਜ ਆਪਣੀਆਂ ਬੱਸਾਂ ਅੱਡਿਆਂ ਤੋਂ ਬਾਹਰ ਹੀ ਖੜ੍ਹੀਆਂ ਕੀਤੀਆਂ ਗਈਆਂ ਹਨ, ਤਾਂ ਜੋ ਉਹ ਸਵੇਰੇ ਬੱਸਾਂ ਚਲਾ ਸਕਣ। ‘ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ’ ਦੇ ਸੂਬਾ ਪ੍ਰਧਾਨ ਤੇਜਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬੱਸ ਅਪਰੇਟਰਾਂ ਦੀ ਅਣਦੇਖੀ ਕਰਨ ਦੇ ਰੋਸ ਵਜੋਂ 9 ਅਗਸਤ ਨੂੰ ਪੰਜਾਬ ਭਰ ’ਚ ਸਮੂਹ ਬੱਸ ਅਪਰੇਟਰ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕਰ ਰਹੇ ਹਨ। -ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ