ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਸਤੰਬਰ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਹੱਦਾਂ ਸਮੇਤ ਪੰਜਾਬ ਵਿੱਚ ਜਾਰੀ ਹੈ। ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ‘ਕੁੰਡਾ ਖੜਕਾਉ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਅੱਜ ਪਿੰਡ ਭੋਤਨਾ ਵਿੱਚ ਕਿਸਾਨ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਘਰ ਘਰ ਜਾ ਕੇ ਕੁੰਡੇ ਖੜਕਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਨੂੰ ਸਵੇਰ ਸਮੇਂ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਵਲੋਂ ਸ਼ੁਰੂ ਕੀਤਾ ਗਿਆ। ਇਸ ਮੌਕੇ ਘਰਾਂ ਦੇ ਕੁੰਡੇ ਖੜਕਾ ਰਹੀਆਂ ਔਰਤਾਂ ਜਸਵੰਤ ਕੌਰ, ਜਸਵੀਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਇਸ ਮਘਦੇ ਸੰਘਰਸ਼ ਤੋਂ ਬਹੁਤੇ ਕਿਸਾਨ ਦੂਰੀ ਬਣਾ ਰਹੇ ਹਨ, ਜਦਕਿ ਅਜੇ ਸੰਘਰਸ਼ ਦੀ ਜਿੱਤ ਲਈ ਹਰ ਕਿਸਾਨ ਦਾ ਸ਼ਾਮਲ ਹੋਣਾ ਜ਼ਰੂਰੀ ਹੈ।
ਫ਼ੋਟੌ ਕੈਪਸ਼ਨ : 1 : ਪਿੰਡ ਭੋਤਨਾ ’ਚ ‘ਕੁੰਡਾ ਖੜਕਾਉ ਮੁਹਿੰਮ’ ਤਹਿਤ ਲੋਕਾਂ ਨੂੰ ਜਾਗਰੂਕ ਕਰਦੀਆਂ ਹੋਈਆਂ ਕਿਸਾਨ ਬੀਬੀਆਂ।