ਹਰਿੰਦਰ ਸਿੰਘ ਗੋਗਨਾ
ਜੀਵਨ ਵਿਚ ਕਈ ਵਾਰ ਨਾਸਮਝੀ ਵਿਚ ਅਜਿਹੀਆਂ ਘਟਨਾਵਾਂ ਘਟ ਜਾਂਦੀਆਂ ਹਨ ਜਿਹੜੀਆਂ ਵੱਡੀ ਸਿੱਖਿਆ ਦੇ ਜਾਂਦੀਆਂ ਹਨ। ਅਜਿਹੀ ਹੀ ਛੋਟੀ ਜਿਹੀ ਘਟਨਾ ਤੇ ਸਿੱਖਿਆ ਨੇ ਮੇਰੇ ਜੀਵਨ ਨੂੰ ਡਗਮਗਾਉਣ ਤੋਂ ਪਹਿਲਾਂ ਹੀ ਸੰਭਾਲ ਲਿਆ ਜਿਹੜੀ ਅੱਜ ਵੀ ਮੈਨੂੰ ਯਾਦ ਹੈ।
ਬਚਪਨ ਵਿਚ ਪੰਜਵੀਂ ਜਮਾਤ ਤਕ ਆਉਂਦੇ ਆਉਂਦੇ ਮੇਰੀ ਲਿਖਾਈ ਹੀ ਸੁੰਦਰ ਨਹੀਂ ਸੀ ਬਲਕਿ ਮੈਂ ਕਾਫ਼ੀ ਹੁਸ਼ਿਆਰ ਵਿਦਿਆਰਥੀ ਸੀ। ਅਧਿਆਪਕ ਅਕਸਰ ਮੇਰੀ ਲਿਖਾਈ ਤੇ ਪੜ੍ਹਾਈ ਦੀ ਤਾਰੀਫ਼ ਕਰਕੇ ਦੂਜਿਆਂ ਬੱਚਿਆਂ ਨੂੰ ਮਿਸਾਲ ਦਿੰਦੇ ਸਨ, ਜਿਸ ਨਾਲ ਮੇਰਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਸੀ। ਮੇਰੇੇ ਮਾਤਾ ਜੀ ਕਦੇ ਕਦਾਈਂ ਲੋੜ ਪੈਣ ’ਤੇ ਸਕੂਲ ਆਉਂਦੇ ਸਨ। ਉਨ੍ਹਾਂ ਕੋਲ ਵੀ ਅਧਿਆਪਕ ਜਦੋਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦੇ ਤਾਂ ਉਹ ਘਰ ਆ ਕੇ ਪਿਤਾ ਜੀ ਨੂੰ ਦੱਸਦੇ ਤੇ ਉਹ ਵੀ ਮੈਨੂੰ ਪਿਆਰ ਕਰਦੇ ਤੇ ਹੱਲਾਸ਼ੇਰੀ ਦਿੰਦੇ।
ਫਿਰ ਇਕ ਦਿਨ ਆਪਣੇ ਦੋ ਜਮਾਤੀਆਂ ਦੀਆਂ ਗੱਲਾਂ ਵਿਚ ਆ ਕੇ ਮੈਂ ਅੱਧੀ ਛੁੱਟੀ ਦੇ ਸਮੇਂ ਹੀ ਸਕੂਲ ਤੋਂ ਉਨ੍ਹਾਂ ਨਾਲ ਭੱਜ ਗਿਆ ਤੇ ਸਕੂਲ ਦੇ ਬਾਹਰ ਇਕ ਰੁੱਖ ਦੀ ਛਾਂ ਹੇਠ ਬਹਿ ਕੇ ਉਨ੍ਹਾਂ ਨੂੰ ਤਾਸ਼ ਖੇਡਦਿਆਂ ਵੇਖਣ ਲੱਗਾ। ਮੇਰੀ ਦਿਲਚਸਪੀ ਵੀ ਉਨ੍ਹਾਂ ਦੀ ਖੇਡ ਵਿਚ ਬਣਦੀ ਜਾ ਰਹੀ ਸੀ। ਫਿਰ ਉਨ੍ਹਾਂ ਦੇ ਬਹੁਤਾ ਕਹਿਣ ’ਤੇ ਮੈਂ ਵੀ ਉਨ੍ਹਾਂ ਦੀ ਖੇਡ ਵਿਚ ਸ਼ਾਮਲ ਹੋ ਗਿਆ, ਪਰ ਮਨ ਵਿਚ ਘਬਰਾਹਟ ਸੀ ਕਿ ਕੱਲ੍ਹ ਜਦੋਂ ਸਕੂਲ ਜਾਵਾਂਗਾ ਤਾਂ ਅਧਿਆਪਕ ਨੂੰ ਕੀ ਆਖਾਂਗਾ ? ਜਮਾਤੀਆਂ ਕੋਲ ਆਪਣਾ ਡਰ ਪ੍ਰਗਟਾਇਆ ਤਾਂ ਉਨ੍ਹਾਂ ਨੇ ਸਮਝਾਇਆ ਕਿ ਆਖ ਦੇਣਾ ਕਿ ਬੁਖਾਰ ਹੋ ਗਿਆ ਸੀ ਇਸ ਲਈ ਘਰ ਚਲਾ ਗਿਆ।
ਇਕ ਅਪਰਾਧ ਮਗਰੋਂ ਦੂਜਾ ਅਪਰਾਧ। ਇਹ ਸੋਚ ਕੇ ਮਨ ਹੋਰ ਬੇਚੈਨ ਹੋ ਉੱਠਿਆ। ਇਕ ਪਲ ਸੋਚਿਆ ਤਾਸ਼ ਛੱਡ ਕੇ ਹੁਣੇ ਸਕੂਲ ਚਲਾ ਜਾਵਾਂ, ਪਰ ਹੁਣ ਵਾਪਸ ਜਾਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ। ਫਿਰ ਅਚਾਨਕ ਮੇਰੀ ਨਜ਼ਰ ਮੇਰੇ ਪਿਤਾ ਜੀ ’ਤੇ ਪਈ ਜਿਹੜੇ ਸਕੂਲ ਦੇ ਅੰਦਰ ਜਾ ਰਹੇ ਸਨ। ਇਹ ਪਿਤਾ ਜੀ ਹੀ ਹਨ, ਪਰ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਸਕੂਲ ਆਉਂਦੇ ਦੇਖਿਆ ਸੀ ਤਾਂ ਅੱਖਾਂ ’ਤੇ ਪਹਿਲਾਂ ਤਾਂ ਛੇਤੀ ਵਿਸ਼ਵਾਸ ਨਾ ਹੋਇਆ। ਮੈਂ ਇਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਪਿਤਾ ਜੀ ਵੀ ਉਸੇ ਦਿਨ ਸਕੂਲ ਆਉਣਗੇ ਜਿਸ ਦਿਨ ਮੈਂ ਉੱਥੇ ਮੌਜੂਦ ਨਹੀਂ ਹੋਵਾਂਗਾ। ਹੁਣ ਮੇਰੀ ਘਬਰਾਹਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਸੀ ਤੇ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਸਹਿਪਾਠੀਆਂ ਨੂੰ ਬਿਨਾਂ ਕੁਝ ਆਖੇ ਬਸਤਾ ਚੁੱਕ ਉੱਥੋਂ ਉੱਠਿਆ ਤੇ ਤੇਜ਼ ਕਦਮੀਂ ਘਰ ਵੱਲ ਚੱਲ ਪਿਆ। ਮੈਂ ਚਾਹੁੰਦਾ ਸੀ ਕਿ ਪਿਤਾ ਜੀ ਤੋਂ ਪਹਿਲਾਂ ਘਰ ਪੁੱਜ ਜਾਵਾਂ ਤਾਂ ਕਿ ਮਾਂ ਨੂੰ ਸਾਰੀ ਗੱਲ ਦੱਸ ਕੇ ਆਪਣਾ ਬਚਾਅ ਕਰ ਲਵਾਂ। ਬਚਾਅ ਲਈ ਸਹਿਪਾਠੀਆਂ ਦਾ ਸੁਝਾਇਆ ਬਹਾਨਾ ਹੀ ਮੇਰੇ ਮਨ ਵਿਚ ਘੁੰਮ ਰਿਹਾ ਸੀ, ਪਰ ਪਿਤਾ ਜੀ ਸਾਹਮਣੇ ਮੇਰਾ ਬਹਾਨਾ ਨਾ ਚੱਲਿਆ। ਉਨ੍ਹਾਂ ਨੇ ਘਰ ਆ ਕੇ ਮੈਨੂੰ ਖੂਬ ਝਿੜਕਾਂ ਦਿੱਤੀਆਂ ਤੇ ਸਕੂਲ ਤੋਂ ਨਾਂ ਕਟਵਾਉਣ ਤਕ ਦੀ ਧਮਕੀ ਦੇ ਦਿੱਤੀ। ਮੈਨੂੰ ਉਸ ਦਿਨ ਜਾਪ ਰਿਹਾ ਸੀ ਜਿਵੇਂ ਮੈਂ ਆਪਣੀ ਇਕ ਗ਼ਲਤੀ ਨਾਲ ਮਾਪਿਆਂ ਦਾ ਮਾਣ ਤੋੜ ਦਿੱਤਾ। ਮੈਂ ਸ਼ਰਮਿੰਦਗੀ ਦੇ ਮਾਰੇ ਉਨ੍ਹਾਂ ਨਾਲ ਨਜ਼ਰਾਂ ਨਹੀਂ ਸੀ ਮਿਲਾ ਪਾ ਰਿਹਾ।
ਫਿਰ ਮਾਂ ਨੇ ਮੈਨੂੰ ਪਿਆਰ ਨਾਲ ਇਕ ਕੋਨੇ ਵਿਚ ਲਿਜਾ ਕੇ ਸਮਝਾਉਂਦੇ ਹੋਏ ਕਿਹਾ, ‘ਪੁੱਤਰ, ਇਹ ਤੈਨੂੰ ਕੀ ਹੋ ਗਿਆ? ਤੂੰ ਤਾਂ ਇੰਨਾ ਲਾਇਕ ਤੇ ਸਾਊ ਬੱਚਾ ਸੀ। ਮੈਨੂੰ ਤੈਥੋਂ ਇਹ ਉਮੀਦ ਨਹੀਂ ਸੀ। ਅਧਿਆਪਕਾਂ ਨੂੰ ਬਿਨਾਂ ਦੱਸੇ ਸਕੂਲ ਤੋਂ ਘਰ ਆ ਗਿਆ ਤੇ ਫਿਰ ਤੈਨੂੰ ਬੁਖਾਰ ਵੀ ਨਹੀਂ, ਇਹ ਵੀ ਝੂਠ ਬੋਲਿਆ।’ ਮੈਂ ਜਦੋਂ ਮਾਂ ਨੂੰ ਪੂਰੀ ਗੱਲ ਦੱਸੀ ਤਾਂ ਉਹ ਫਿਰ ਸਮਝਾਉਂਦੇ ਹੋਏ ਬੋਲੇ, ‘ਤੂੰ ਇੰਨਾ ਹੁਸ਼ਿਆਰ ਬੱਚਾ ਏਂ ਤੇ ਤੇਰੇ ਅਧਿਆਪਕ ਤੇਰੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ ਤੇ ਤੂੰ ਬੁਰੀ ਸੰਗਤ ਵਿਚ ਪੈ ਗਿਆ। ਯਾਦ ਰੱਖੀਂ, ਨਾ ਕਮਾਉਣ ਵਿਚ ਸਾਲਾਂ ਲੱਗ ਜਾਂਦੇ ਹਨ ਤੇ ਗਵਾਉਣ ਵਿਚ ਇਕ ਪਲ। ਕੱਲ੍ਹ ਹੀ ਜਾ ਕੇ ਆਪਣੇ ਅਧਿਆਪਕ ਨੂੰ ਸਾਫ਼ ਸਾਫ਼ ਸਾਰੀ ਗੱਲ ਦੱਸੀਂ ਤੇ ਫਿਰ ਕਦੇ ਵੀ ਕਿਸੇ ਦੀਆਂ ਗੱਲਾਂ ਵਿਚ ਆ ਕੇ ਗ਼ਲਤ ਰਸਤਾ ਇਖਤਿਆਰ ਨਾ ਕਰੀਂ। ਬੁਰੀ ਸੰਗਤ ਨਾਲੋਂ ਤਾਂ ਇਕੱਲਾ ਰਹਿਣਾ ਚੰਗਾ ਹੈ।’ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਤਾਂ ਪਹਿਲਾਂ ਹੀ ਸੀ। ਮੈਂ ਉਸ ਦਿਨ ਮਾਂ ਦੀਆਂ ਸਮਝਾਈਆਂ ਗੱਲਾਂ ਦੀ ਗੱਠ ਬੰਨ੍ਹ ਲਈ ਤੇ ਜੀਵਨ ਵਿਚ ਬੁਰੀ ਸੰਗਤ ਤੋਂ ਦੂਰ ਰਹਿਣ ਦਾ ਸੰਕਲਪ ਲਿਆ।
ਸੰਪਰਕ: 98723-25960