ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਨਵੰਬਰ
ਸੰਗਰੂਰ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 12 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਥਾਣਾ ਸਿਟੀ ਵਿੱਚ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਤਿੰਨੋਂ ਮੈਂਬਰਾਂ ਦਾ ਅਦਾਲਤ ਕੋਲੋਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛ-ਗਿੱਛ ਦੌਰਾਨ ਹੋਰ ਵੀ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਸੰਭਾਵਨਾ ਹੈ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਗਗਨਦੀਪ ਸਿੰਘ ਉਰਫ਼ ਗੱਗੂ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀਆਨ ਲਾਡਵੰਜ਼ਾਰਾ ਕਲਾਂ ਥਾਣਾ ਦਿੜ੍ਹਬਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 12 ਮੋਟਰਸਾਈਕਲ ਬਰਾਮਦ ਕੀਤੇ ਗਏ। ਇਨ੍ਹਾਂ ’ਚੋਂ ਤਿੰਨਾਂ ਕੋਲੋਂ ਤਿੰਨ-ਤਿੰਨ ਮੋਟਰਸਾਈਕਲ ਬਰਾਮਦ ਹੋਏ ਜਦੋਂ ਕਿ ਗੁਰਵਿੰਦਰ ਅਤੇ ਗਗਨਦੀਪ ਵਲੋਂ ਸਾਂਝੇ ਤੌਰ ’ਤੇ ਲੁਕਾ ਕੇ ਰੱਖੇ ਤਿੰਨ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕਰ ਲਿਆ ਹੈ।