ਰਵੇਲ ਸਿੰਘ ਭਿੰਡਰ
ਪਟਿਆਲਾ, 14 ਅਗਸਤ
ਐੱਨਐੱਸਕਿਊਐੱਫ਼ ਵੋਕੇਸ਼ਨਲ ਅਧਿਆਪਕਾਂ ਵੱਲੋਂ ਅੱਜ ਪੱਕੇ ਮੋਰਚੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਵੱਲ ਕਾਲੇ ਚੋਲੇ ਪਾ ਕੇ ਤੇ ਆਪਣੇ ਆਪ ਨੂੰ ਸੰਗਲਾਂ ਦੀਆਂ ਹੱਥਕੜੀਆਂ ਸਮੇਤ ਰੋਹ ਭਰਿਆ ਮੁਜ਼ਾਹਰਾ ਕੀਤਾ। ਅਜਿਹੇ ਦੌਰਾਨ ਰਸਤੇ ਵਿੱਚ ਪੈਂਦੇ ਫੁਹਾਰਾ ਚੌਕ ’ਚ ਪ੍ਰਦਸ਼ਨਕਾਰੀ ਅਧਿਆਪਕਾਂ ਨੇ ਪ੍ਰਾਈਵੇਟ ਕੰਪਨੀਆਂ ਤੋਂ ਮੁਕਤੀ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਧਾ ਘੰਟਾ ਦੇ ਕਰੀਬ ਜਾਮ ਲਗਾ ਕੇ ਧਰਨਾ ਵੀ ਦਿੱਤਾ। ਮਗਰੋਂ ਸੰਘਰਸ਼ੀ ਅਧਿਆਪਕ ਅੱਗੇ ਵਧੇ ਤਾਂ ਵਾਈਪੀਐੱਸ ਚੌਕ ਵਿੱਚ ਤਾਇਨਾਤ ਪੁਲੀਸ ਬਲਾਂ ਨੇ ਮੁਜ਼ਾਹਰਕਾਰੀਆਂ ਨੂੰ ਰੋਕ ਲਿਆ। ਇਸ ਤੋਂ ਪਹਿਲਾਂ ਕਿ ਸੰਘਰਸ਼ੀ ਕਾਰਕੁਨ ਬੈਰੀਕੇਡਿੰਗ ਨੂੰ ਉਲੰਘ ਕੇ ਅੱਗੇ ਵਧਦੇ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ। ਐੱਸਡੀਐੱਮ ਨੇ ਭਰੋਸਾ ਦਿਵਾਇਆ ਕਿ 15 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਜਾਂ 23 ਅਗਸਤ ਨੂੰ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਪੈਨਲ ਬੈਠਕਾਂ ਵਿੱਚ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਅਜਿਹੇ ਯਕੀਨ ਮਗਰੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲ ਆਪਣੇ ਪੱਕੇ ਮੋਰਚੇ ਵਿੱਚ ਪਰਤ ਆਏ।