ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 23 ਅਕਤੂਬਰ
ਇੱਥੇ ਸ਼ਰਾਬ ਦੇ ਨਸ਼ੇ ’ਚ ਧੁੱਤ ਇੱਕ ਵਿਅਕਤੀ ਨੇ ਘਰ ’ਚ ਇਕੱਲੀ ਇੱਕ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਪੀੜਤਾ ਦੇ ਬਿਆਨ ਮੁਲਜ਼ਮ ਸਿਕੰਦਰ ਸਿੰਘ ਉਰਫ਼ ਬੱਬੀ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧੰਨਾ ਬਸਤੀ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਦਾ ਵਸਨੀਕ ਮੁਲਜ਼ਮ ਸਵੇਰੇ ਸ਼ਰਾਬ ਦੇ ਨਸ਼ੇ ‘ਚ ਧੁੱਤ ਹੋ ਕੇ ਆਇਆ, ਜਿਸ ਸਮੇਂ ਕਰੀਬ 25 ਸਾਲਾ ਇਹ ਲੜਕੀ ਘਰ ਵਿੱਚ ਇਕੱਲੀ ਸੀ। ਉਸ ਸਮੇਂ ਬਿਜਲੀ ਵੀ ਬੰਦ ਸੀ। ਮੁਲਜ਼ਮ ਨੇ ਜਬਰਦਸਤੀ ਘਰ ‘ਚ ਦਾਖਲ ਹੋ ਕੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ ਪਰ ਲੜਕੀ ਵੱਲੋਂ ਮਦਦ ਲਈ ਸ਼ੋਰ ਪਾਉਣ ਤੇ ਪੁਲੀਸ ਕੋਲ ਸ਼ਿਕਾਇਤ ਕਰਨ ਬਾਰੇ ਆਖਣ ’ਤੇ ਉਹ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਇੰਸਪੈਕਟਰ ਗੁਰਮੇਲ ਕੌਰ ਨੇ ਪੜਤਾਲ ਕੀਤੀ ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਵਾਇਆ।