ਪੱਤਰ ਪੇ੍ਰਕ
ਧਨੌਲਾ, 28 ਨਵੰਬਰ
ਇਥੋਂ ਨਜ਼ਦੀਕ ਕੌਮੀ ਮਾਰਗ 7 ਸਥਿਤ ਮਾਨਾ ਪਿੰਡੀ ਵਿਖੇ ਪੰਜਾਬੀ ਫ਼ੌਜੀ ਢਾਬਾ ਦੇ ਮਾਲਕ ਅਤੇ ਉਸ ਦੇ ਪੁੱਤਰ ’ਤੇ ਅਣਪਛਾਤਿਆਂ ਵਲੋਂ ਕਾਤਲਾਨਾ ਹਮਲਾ ਕਰ ਕੇ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ। ਢਾਬਾ ਮਾਲਕ ਸੁਰਜੀਤ ਸਿੰਘ ਅਤੇ ਗਿਆਨ ਸਿੰਘ ਨੇ ਦੱਸਿਆ ਬੀਤੀ ਰਾਤ 11.30 ਵਜੇ ਛੇ ਨੌਜਵਾਨ ਢਾਬੇ ’ਤੇ ਖਾਣਾ ਖਾਣ ਲਈ ਆਏ ਅਤੇ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਉਹ ਢਾਬੇ ਤੋਂ ਚਲੇ ਗਏ। ਪਰ ਅੱਧੇ ਘੰਟੇ ਬਾਅਦ ਉਕਤ ਨੌਜਵਾਨਾਂ ਨੇ ਹਥਿਆਰਾਂ ਸਮੇਤ ਦਾਖਲ ਹੋ ਕੇ ਢਾਬੇ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਚਾਰ ਵਿਅਕਤੀਆਂ ਨੇ ਢਾਬੇ ਦੇ ਨਾਲ ਬਣੇ ਕਮਰੇ ਵਿੱਚ ਦਾਖਲ ਹੋ ਉਸ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਅਤੇ ਉਸ ਦੇ ਪੁੱਤਰ ਮਨਪ੍ਰੀਤ ਦੀ ਕੁੱਟਮਾਰ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਨੌਜਵਾਨ 70000 ਦੇ ਕਰੀਬ ਨਕਦੀ ਤੋਂ ਇਲਾਵਾ ਢਾਬੇ ਦਾ ਭਾਰੀ ਵਿੱਤੀ ਨੁਕਸਾਨ ਕਰ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਧਨੌਲਾ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।