ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਅਗਸਤ
ਪਿੰਡ ਭੁੱਚੋ ਖੁਰਦ ਦੇ ਪਸ਼ੂ ਹਸਪਤਾਲ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਕੋਈ ਡਾਕਟਰ ਨਾ ਹੋਣ ਕਾਰਨ ਲੋਕਾਂ ਦੇ ਪਸ਼ੂਧਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੀ ਇਸ ਲਾਪਰਵਾਹੀ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਭਾਕਿਯੂ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਨਛੱਤਰ ਸਿੰਘ ਅਤੇ ਸਰਪੰਚ ਬਲਤੇਜ ਸਿੰਘ ਨੇ ਕਿਹਾ ਕਿ ਪਿੰਡ ਦੇ ਪਸ਼ੂ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਅੱਜ ਕਿਸਾਨ ਕਰਨੈਲ ਸਿੰਘ ਦੀ ਮੱਝ ਮਰ ਗਈ। 6 ਅਗਸਤ ਨੂੰ ਮੱਝ ਦੇ ਸੂਣ ਮੌਕੇ ਬੱਚਾ ਪੇਟ ਵਿੱਚ ਹੀ ਮਰ ਗਿਆ ਸੀ ਅਤੇ ਬਾਹਰੋਂ ਇਲਾਜ ਕਰਵਾਉਣ ਦੇ ਬਾਵਜੂਦ ਮੱਝ ਬਚ ਨਾ ਸਕੀ। ਇਸ ਨਾਲ ਕਿਸਾਨ ਦਾ ਪੌਣੇ ਦੋ ਲੱਖ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਪਹਿਲਾਂ ਵੀ ਉਹ ਸਬੰਧਤ ਵਿਭਾਗ ਤੋਂ ਕਈ ਵਾਰ ਮੰਗ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਆਗੂ ਕਰਨੈਲ ਸਿੰਘ, ਜਗਤਾਰ ਸਿੰਘ, ਪਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਮੰਗ ਕੀਤੀ ਕਿ ਪਿੰਡ ਵਿੱਚ ਵੈਟਰਨਰੀ ਡਾਕਟਰ ਦਾ ਜਲਦੀ ਪ੍ਰਬੰਧ ਕੀਤਾ ਜਾਵੇ।