ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ
ਧੂਰੀ, 9 ਜੁਲਾਈ
ਸ਼ਹਿਰ ਦੇ ਵਾਰਡ ਨੰਬਰ 17 ਦੀ ਇੱਕ ਬਸਤੀ ਵਿੱਚ ਨਸ਼ਾ ਤਸਕਰਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਆਈ.ਜੀ. ਪਟਿਆਲਾ ਰੇਂਜ ਐੱਮ.ਐੱਸ ਛੀਨਾ ਅਤੇ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨੇ ਬਸਤੀ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਮੌਕੇ ਨਸ਼ਾ ਤਸਕਰ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਫ਼ਰਾਰ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਧੂਰੀ ਦੇ ਵਾਰਡ ਨੰਬਰ ਸਤਾਰਾਂ ਦੀ ਇੱਕ ਬਸਤੀ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ.ਐੱਸ.ਪੀ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕੋਈ ਵੀ ਨਸ਼ਾ ਤਸਕਰ ਪੁਲੀਸ ਤੋਂ ਗ੍ਰਿਫ਼ਤ ਤੋਂ ਬਚ ਨਹੀਂ ਸਕਦਾ। ਇਸ ਮੌਕੇ ਡੀ.ਐੱਸ.ਪੀ ਧੂਰੀ ਯੋਗੇਸ ਸ਼ਰਮਾ ਅਤੇ ਥਾਣਾ ਸਿਟੀ ਧੂਰੀ ਦੇ ਐੱਸ.ਐੱਚ .ਓ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਚੈਕਿੰਗ ਦੌਰਾਨ 3 ਮਹਿਲਾਵਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਤੇ ਤਿੰਨ ਵੱਖ-ਵੱਖ ਮੁਕੱਦਮੇ ਵੀ ਦਰਜ ਕੀਤੇ ਗਏ ਹਨ ਅਤੇ 8 ਦੋਪਹੀਆ ਵਹੀਕਲ , 5 ਮੋਬਾਈਲ ਫੋਨ ਅਤੇ ਇਕ ਲੈਪਟਾਪ ਵੀ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਹੈ।
ਪੰਜ ਸੌ ਪੁਲੀਸ ਮੁਲਾਜ਼ਮਾਂ ਵੱਲੋਂ ਰੋੜੀ ਕੁੱਟ ਮੁਹੱਲੇ ਦੀ ਤਲਾਸ਼ੀ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੋਂ ਦੀ ਪੁਲੀਸ ਦੇ ਪੰਜ ਸੌ ਮੁਲਾਜ਼ਮਾਂ ਨੇ ਅੱਜ ਰੋੜੀਕੁੱਟ ਮੁਹੱਲੇ ਦੀ ਘੇਰਾਬੰਦੀ ਕਰਕੇ ਪੰਜ ਸੌ ਘੰਟੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੀ ਅਗਵਾਈ ਖੁਦ ਐੱਸਐੱਸਪੀ ਦੀਪਕ ਪਾਰਿਕ ਕਰ ਰਹੇ ਸਨ। ਇਸ ਅਪਰੇਸ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਐੱਸ.ਪੀ ਅਤੇ ਡੀਐੱਸਪੀ ਸਮੇਤ ਕਈ ਥਾਣਾ ਮੁਖੀ ਵੀ ਸ਼ਾਮਲ ਰਹੇ। ਇਹ ਅਪਰੇਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ, ਜੋ ਪੰਜ ਘੰਟੇ ਲਗਾਤਾਰ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਛੋਟੀ ਨਦੀ ਦੇ ਨਾਲ-ਨਾਲ਼ ਜਾਂਦੀ ਸੜਕ ਦੇ ਇੱਕ ਪਾਸੇ ਸ਼ਹਿਰ ਵਾਲੀ ਸਾਈਡ ਵਸੇ ਇਸ ਖੇਤਰ ਵਿਚਲੇ ਬਹੁਤੇ ਲੋਕ ਇੱਟਾਂ ਦੀ ਰੋੜੀ ਕੁੱਟਣ ਦਾ ਕੰਮ ਕਰਦੇ ਹਨ। ਇਸ ਕਰਕੇ ਇਸ ਖੇਤਰ ਨੂੰ ਰੋੜੀ ਕੁੱਟ ਮੁਹੱਲੇ ਵਜੋਂ ਹੀ ਜਾਣਿਆਂ ਜਾਂਦਾ ਹੈ। ਇੱਥੇ ਪਹਿਲਾਂ ਹੀ ਅਜਿਹੀ ਤਲਾਸ਼ੀ ਮੁਹਿੰਮ ਚੱਲਦੀ ਰਹੀ ਹੈ। ਕਿਉਂਕਿ ਇੱਥੋਂ ਦੇ ਕਈ ਪਰਿਵਾਰਾਂ ’ਤੇ ਸ਼ਰਾਬ ਅਤੇ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ। ਭਾਵੇਂ ਦੇਰ ਸ਼ਾਮ ਤੱਕ ਅਧਿਕਾਰਤ ਤੌਰ ’ਤੇ ਤਾਂ ਕਿਸੇ ਵੀ ਪੁਲੀਸ ਅਧਿਕਾਰੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਸੂਤਰਾਂ ਅਨੁਸਾਰ ਇਸ ਦੌਰਾਨ ਕੁਝ ਘਰਾਂ ਵਿਚੋਂ ਇਤਰਾਜ਼ਯੋਗ ਵਸਤੂਆਂ ਮਿਲੀਆਂ ਹਨ। ਇਸ ਤਹਿਤ ਪੁਲੀਸ ਵੱਲੋਂ ਅੱਧੀ ਦਰਜਨ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤੇ ਗਏ ਹਨ।