ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਅਪਰੈਲ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਾ. ਅੰਬੇਡਕਰ ਦੇ 130ਵੇਂ ਜਨਮ ਦਿਹਾੜੇ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਤੇ ਔਰਤਾਂ ਦੀ ਭਲਾਈ ਲਈ ਅਹਿਮ ਉਪਰਾਲੇ ਕੀਤੇ। ਉਨ੍ਹਾਂ ਨੇ ਸੰਵਿਧਾਨ ਰਚ ਕੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਗ਼ਰੀਬ ਘਰ ਵਿੱਚ ਪੈਦਾ ਹੋਏ ਤੇ ਉਨ੍ਹਾਂ ਨੇ ਆਪਣੀ ਲਗਨ ਤੇ ਸਖ਼ਤ ਮਿਹਨਤ ਨਾਲ ਅਜਿਹੀ ਮਿਸਾਲ ਕਾਇਮ ਕੀਤੀ, ਜੋ ਸਦੀਆਂ ਤੱਕ ਕਾਇਮ ਰਹੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ 130 ਕਰੋੜ ਦੀ ਲਾਗਤ ਨਾਲ ਡਾ. ਅੰਬੇਦਕਰ ਦੀ ਯਾਦਗਾਰ ਬਣਾਉਣ ਦੇ ਨਾਲ-ਨਾਲ 100 ਕਰੋੜ ਦੀ ਲਾਗਤ ਨਾਲ ਇੱਕ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ ਜਿਸ ਦਾ ਨਾਮ ਵੀ ਡਾ. ਅੰਬੇਦਕਰ ਦੇ ਨਾਮ ’ਤੇ ਹੋਵੇਗਾ।
ਡੇਰਾਬੱਸੀ (ਅਤਰ ਸਿੰਘ): ਹਲਕਾ ਡੇਰਾਬੱਸੀ ਦੇ ‘ਆਪ’ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਆਗੂਆਂ ਤੇ ਪਾਰਟੀ ਵਰਕਰਾਂ ਵੱਲੋਂ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਪਾਰਟੀ ਆਗੂਆਂ ਨੇ ਡਾ. ਅੰਬੇਡਕਰ ਦੇ ਜੀਵਨ ਅਤੇ ਸਿਧਾਂਤਾਂ ਬਾਰੇ ਵਿਚਾਰ ਰੱਖੇ। ਪਾਰਟੀ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਬਾਜਪਾ ਨੂੰ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਤੇ ਸੰਵਿਧਾਨ ਬਚਾਉਣ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਚੰਦ ਸ਼ਰਮਾ, ਗੁਲਜਾਰ ਸਿੰਘ, ਬੀਬੀ ਬਲਟਾਣਾ, ਬਬਲਪ੍ਰੀਤ, ਰਾਣੀ ਸੋਹਲ, ਸੁਭਾਸ਼ ਸਰਮਾ ਆਦਿ ਹਾਜ਼ਰ ਸਨ।
ਅਮਲੋਹ (ਰਾਮ ਸ਼ਰਨ ਸੂਦ): ਇੱਥੇ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੈਂਟਰਲ ਵਾਲਮੀਕ ਸਭਾ ਦੇ ਸੂਬਾ ਮੀਤ ਪ੍ਰਧਾਨ ਤੇ ਕੌਂਸਲਰ ਹਰਵਿੰਦਰ ਸਿੰਘ ਵਾਲੀਆ ਦੀ ਅਗਵਾਈ ਵਿਚ ਡਾ. ਅੰਬੇਡਕਰ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਨੇ ਬੱਸ ਸਟੈਂਡ ਵਿਚ ਬਣੇ ਡਾ. ਅੰਬੇਡਕਰ ਦੇ ਬੁੱਤ ਦਾ ਉਦਘਾਟਨ ਵੀ ਕੀਤਾ।
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਅੱਜ ਸਰਹਿੰਦ ਵਿਚ ਡਾ. ਅੰਬੇਡਕਰ ਮਹਾਂ ਪੰਚਾਇਤ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੁੱਧੀਜੀਵੀਆਂ, ਆਗੂਆਂ ਅਤੇ ਮਿਸ਼ਨਰੀ ਵਰਕਰਾਂ ਵੱਲੋਂ ਸਮਾਗਮ ‘ਚ ਸ਼ਿਰਕਤ ਕਰਦਿਆਂ ਡਾ. ਅੰਬੇਡਕਰ ਦੇ ਜੀਵਨ, ਫਲਸਫੇ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਦਿਵਾਏ ਗਏ ਸੰਵਿਧਾਨਿਕ ਹੱਕਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕੇਂਦਰ ਸਰਕਾਰ ’ਤੇ ਸੰਵਿਧਾਨ ਨੂੰ ਬਦਲ ਕੇ ਕੱਟੜਵਾਦੀ ਸੋਚ ਸਥਾਪਿਤ ਕਰਨ ਦੇ ਯਤਨਾਂ ਦੇ ਦੋਸ਼ ਲਾਏ।
ਇਸੇ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੇ ਸਥਾਨਕ ਦਫ਼ਤਰ ਵਿੱਚ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸੀ.ਪੀ.ਆਈ. ਦੀ ਜ਼ਿਲਾ ਸਕੱਤਰ ਕਾਮਰੇਡ ਸਿਮਰਤ ਕੌਰ ਝਾਮਪੁਰ ਨੇ ਕਿਹਾ ਕਿ ਗ਼ਰੀਬਾਂ ਅਤੇ ਦੱਬੇ ਕੁਚਲਿਆਂ ਨੂੰ ਬਣਦੇ ਹੱਕ ਦਿਵਾਉਣ ਲਈ ਸੰਘਰਸ਼ ਕੀਤਾ।
ਰੂਪਨਗਰ (ਬਹਾਦਰਜੀਤ ਸਿੰਘ): ਡਾ. ਅੰਬੇਡਕਰ ਦੇ ਜਨਮ ਦਿਹਾੜੇ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਵਿਚ ਜ਼ਿਲ੍ਹੇ ਦੇ ਸਮੂਹ ਵਿਭਾਗੀ ਮੁਖੀ ਹਾਜ਼ਰ ਸਨ। ਇਸ ਮੌਕੇ ਡੀਸੀ ਸੋਨਾਲੀ ਗਿਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਵਿਚ ਬਾਬਾ ਸਾਹਿਬ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬਾਬਾ ਸਾਹਿਬ ਭੀਮ ਰਾਓ ਜਾਗਰਤੀ ਮੰਚ ਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਸਾਂਝੇ ਤੌਰ ’ਤੇ ‘ਸੰਵਿਧਾਨ ਬਚਾਓ, ਕਿਸਾਨ ਬਚਾਓ, ਦੇਸ਼ ਬਚਾਓ’ ਦੇ ਤੌਰ ’ਤੇ ਮਨਾਇਆ ਗਿਆ। ਇਸੇ ਤਰ੍ਹਾਂ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਡਾ. ਅੰਬੇਡਕਰ ਨੂੰ ਯਾਦ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਵੱਲੋਂ ਗਿਲਕੋ ਵੈਲੀ ਸਥਿਤ ਪਾਰਟੀ ਦਫ਼ਤਰ ਵਿੱਚ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਪੁੱਜੇ।
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਬਸਪਾ ਵੱਲੋਂ ਅੱਜ ਭਗਤ ਰਵਿਦਾਸ ਜੀ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਹਲਕਾ ਇੰਚਾਰਜ ਕੁਲਵੰਤ ਸਿੰਘ ਮਹਿਤੋਂ ਨੇ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਨੇ ਸਮਾਜ ਵਿਚ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਸਮਾਨਤਾ ਦੇ ਅਧਿਕਾਰ ਦਿਵਾਏ ਉੱਥੇ ਕਮਜ਼ੋਰ ਅਤੇ ਮੱਧ ਵਰਗ ਦੇ ਲੋਕਾਂ ਨੂੰ ਸਮਾਜ ਵਿਚ ਬਣਦੇ ਹੱਕ ਦਿਵਾਉਣ ਲਈ ਸੰਵਿਧਾਨ ਵਿਚ ਕਾਨੂੰਨ ਬਣਾਏ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਕੀਤਾ।
ਚਮਕੌਰ ਸਾਹਿਬ (ਸੰਜੀਵ ਬੱਬੀ): ਇੱਥੋਂ ਦੇ ਵਾਰਡ ਨੰਬਰ-9 ਦੇ ਨੌਜਵਾਨਾਂ ਨੇ ਮਜ਼ਦੂਰਾਂ ਅਤੇ ਔਰਤਾਂ ਸਣੇ ਮੇਨ ਬਾਜ਼ਾਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਅਤੇ ਚਾਹ ਬਿਸਕੁਟਾਂ ਦਾ ਲੰਗਰ ਲਗਾਇਆ। ਮੁਲਾਜ਼ਮ ਆਗੂ ਮਲਾਗਰ ਸਿੰਘ ਖਮਾਣੋਂ, ਸਤਿੰਦਰ ਸਿੰਘ ਬੈਂਸ ਅਤੇ ਗੁਰਵਿੰਦਰ ਸਿੰਘ ਨੇ ਡਾ. ਅੰਬੇਡਕਰ ਦੀ ਜੀਵਨ ਬਾਰੇ ਜਾਣਕਾਰੀ ਦਿੱਤੀ।
ਲਾਲੜੂ (ਸਰਬਜੀਤ ਸਿੰਘ ਭੱਟੀ): ਅੱਜ ਡਾ. ਅੰਬੇਡਕਰ ਦਾ ਜਨਮ ਦਿਵਸ ਲਾਲੜੂ ਇਲਾਕੇ ਦੇ ਦਰਜਨਾ ਪਿੰਡਾਂ ਅੰਦਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਜੀਵਨ ਸਬੰਧੀ ਵਿਚਾਰ ਚਰਚਾ ਹੋਈ ਅਤੇ ਬੁਲਾਰਿਆਂ ਨੇ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਲਾਲੜੂ, ਪਿੰਡ ਟਰੜਕ ਤੇ ਜੰਡਲੀ, ਪਿੰਡ ਬੜਾਣਾ ਵਿਚ ਡਾ. ਅੰਬੇਡਕਰ ਸੁਸਾਇਟੀ ਵੱਲੋਂ ਵੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਐਨ.ਕੇ. ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੇ 130ਵੇਂ ਜਨਮ ਦਿਵਸ ਤੇ ਉਨ੍ਹਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿੱਤਾ ਸੰਵਿਧਾਨ ਦੇਸ਼ ਦੀ ਆਤਮਾ ਹੈ। ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਦੇ ਪਿਤਾ ਮਰਹੂਮ ਚੌਧਰੀ ਰਣਬੀਰ ਸਿੰਘ ਹੁੱਡਾ ਨੇ ਬਾਬਾ ਸਾਹਿਬ ਦੀ ਅਗਵਾਈ ਵਾਲੀ ਸੰਵਿਧਾਨ ਕਮੇਟੀ ਵਿੱਚ ਬਤੌਰ ਮੈਂਬਰ ਕੰਮ ਕੀਤਾ ਸੀ।
ਸ੍ਰੀ ਹੁੱਡਾ ਅੱਜ ਦਲੀਪ ਬਿੱਟੂ ਚਾਵਲਾ ਦੇ ਅਕਾਲ ਚਲਾਣੇ ’ਤੇ ਅੰਬਾਲਾ ਆਏ ਗੱਲਬਾਤ ਕਰ ਰਹੇ ਸਨ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਤੇ ਕਰੋਨਾ ਦੋਵਾਂ ਮੋਰਚਿਆਂ ’ਤੇ ਫੇਲ੍ਹ ਹੋਈ ਹੈ।
ਡਾ. ਅੰਬੇਡਕਰ ਜੈਅੰਤੀ ਮੌਕੇ ਖ਼ੂਨਦਾਨ ਕੈਂਪ
ਚੰਡੀਗੜ੍ਹ (ਕੁਲਦੀਪ ਸਿੰਘ): ਗੁਰੂ ਰਵਿਦਾਸ ਨੌਜਵਾਨ ਸਭਾ ਨਗਲਾ ਮੁਹੱਲਾ ਮਨੀਮਾਜਰਾ ਵੱਲੋਂ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਇਸ ਸਬੰਧ ਵਿੱਚ ਸੰਸਥਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 61 ਜਣਿਆਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਸਭਾ ਦੇ ਮੈਂਬਰਾਂ ਵਿੱਚ ਸੁਰਮੁਖ ਸਿੰਘ, ਪੰਮੀ, ਹੀਰਾ, ਜੰਗੀ, ਓਮਕਾਰ, ਹਰਜੋਤ ਬਬਲੂ ਆਦਿ ਨੇ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜ ਦੀ ਸੱਚੀ-ਸੁੱਚੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ ਬਾਮਸੇਫ, ਚੰਡੀਗੜ੍ਹ ਯੂਨਿਟ ਵੱਲੋਂ ਆਪੋ ਆਪਣੇ ਘਰਾਂ ਵਿੱਚ ਮੋਮਬੱਤੀਆਂ ਅਤੇ ਦੀਵੇ ਜਗਾ ਕੇ ਮਨਾਇਆ ਗਿਆ। ਬਾਮਸੇਫ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੁਰਿੰਦਰ ਸਿੰਘ, ਕੋਆਰਡੀਨੇਟਰ ਰਮੇਸ਼ਵਰ ਦਾਸ, ਜਨਰਲ ਸਕੱਤਰ ਪਵਨ ਕੁਮਾਰ ਚੌਹਾਨ ਨੇ ਇਸ ਦਿਵਸ ’ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।