ਸ੍ਰੀਨਗਰ, 20 ਨਵੰਬਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਜੰਮੂ ਕਸ਼ਮੀਰ ਨੂੰ ਪਰਿਵਾਰਵਾਦ ਤੋਂ ਛੁਟਕਾਰਾ ਦਿਵਾਏਗੀ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਬਰਾਬਰ ਵਿਕਾਸ ਦੀ ਰਾਹ ’ਤੇ ਅੱਗੇ ਵੱਧ ਰਿਹਾ ਹੈ।
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਇੱਥੇ ਬਲਹਾਮਾ ਖੇਤਰ ’ਚ ਚੋਣ ਮੀਟਿੰਗ ਦੌਰਾਨ ਕਿਹਾ, ‘ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਦੇ ਸੱਤਾ ਦੇ ਗਲਿਆਰਿਆਂ ’ਚੋਂ ਪਰਿਵਾਰਵਾਦ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਉਹ ਜੰਮੂ ਕਸ਼ਮੀਰ ਨੂੰ ਪਰਿਵਾਰਵਾਦ ਦੇ ਕੋਹੜ ਤੋਂ ਆਜ਼ਾਦ ਕਰ ਦੇਵੇਗੀ।’ ਨਕਵੀ ਨੇ ਦਾਅਵਾ ਕੀਤਾ ਕਿ ਕਈ ਦਹਾਕਿਆਂ ਬਾਅਦ ਜੰਮੂ ਕਸ਼ਮੀਰ ਦੇ ਲੋਕ ਪਾਰਦਰਸ਼ੀ ਜਮਹੂਰੀਅਤ ਤੇ ਵਿਕਾਸ ਪ੍ਰਕਿਰਿਆਵਾਂ ’ਚ ਬਰਾਬਰ ਭਾਗੀਦਾਰ ਬਣ ਗਏ ਹਨ। ਇਸੇ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਧਾਰਾ 370 ਮੁੜ ਕਦੀ ਵੀ ਬਹਾਲ ਨਹੀਂ ਹੋ ਸਕਦੀ ਤੇ ਗੁਪਕਾਰ ਗੱਠਜੋੜ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। -ਪੀਟੀਆਈ
ਚੋਣ ਪ੍ਰਚਾਰ ਲਈ ਖੁੱਲ੍ਹ ਨਾ ਦੇਣ ਦਾ ਦੋਸ਼
ਸ੍ਰੀਨਗਰ: ਕਸ਼ਮੀਰ ’ਚ ਸਥਾਨਕ ਕੌਂਸਲ ਚੋਣਾਂ ਤੋਂ ਪਹਿਲਾਂ ਵਧੇਰੇ ਪਾਰਟੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਆਗੂਆਂ ਨੂੰ ਸੁਰੱਖਿਆ ਦੇ ਨਾਂ ਹੇਠ ਦੂਰ-ਦਰਾਜ ਦੇ ਹੋਟਲਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ ਅਤੇ ਉਹ ਆਜ਼ਾਦੀ ਨਾਲ ਪ੍ਰਚਾਰ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਨਿਰਪੱਖਤਾ ਨਹੀਂ ਵਰਤੀ ਜਾ ਰਹੀ। ਨੈਸ਼ਨਲ ਕਾਨਫਰੰਸ ਦੇ ਆਗੂ ਨਾਸਿਰ ਅਸਲਮ ਵਾਨੀ ਨੇ ਕਿਹਾ, ‘ਭਾਜਪਾ ਤੇ ਕਿੰਗਜ਼ ਪਾਰਟੀ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹੇਠਲੇ ਪੱਧਰ ਦੇ ਕਾਰਕੁਨਾਂ ਨੂੰ ਨਿੱਜੀ ਸੁਰੱਖਿਆ ਤੇ ਬੁਲੇਟਪਰੂਫ ਵਾਹਨ ਦਿੱਤੇ ਜਾ ਰਹੇ ਹਨ ਜਦਕਿ ਹੋਰਨਾਂ ਉਮੀਦਵਾਰਾਂ ਨੂੰ ਦੂਰ-ਦਰਾਜ ਦੀਆਂ ਸਰਕਾਰੀ ਰਿਹਾਇਸ਼ਾਂ ’ਚ ਭੇਜ ਦਿੱਤਾ ਗਿਆ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਸਮਾਂ ਸਖ਼ਤੀ ਨਾਲ ਘੱਟ ਕਰ ਦਿੱਤਾ ਗਿਆ ਹੈ। -ਪੀਟੀਆਈ
ਖੁਫੀਆ ਜਥੇਬੰਦੀ ਹੈ ਗੁਪਕਾਰ ਗੱਠਜੋੜ: ਚੌਹਾਨ
ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਬਣਿਆ ‘ਗੁਪਕਾਰ ਗੱਠਜੋੜ’ ਅਸਲ ’ਚ ‘ਖੁਫੀਆ ਜਥੇਬੰਦੀ’ ਹੈ ਜਿਸ ਦੇ ਲੋਕ ਪਾਕਿਸਤਾਨ ਤੇ ਚੀਨ ਲਈ ਜਾਸੂਸੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਇਸ ਦੇਸ਼ ਵਿਰੋਧੀ ਗੁਪਕਾਰ ਗੱਠਜੋੜ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘ਮੈਂ ਇਸ ਨੂੰ ਗੁਪਕਾਰ ਗੱਠਜੋੜ ਆਖਾਂ ਜਾਂ ਖੁਫੀਆ ਜਥੇਬੰਦੀ? ਇਹ ਤਾਂ ਚੀਨ ਜਾਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਲੋਕ ਹਨ।’ ਉਨ੍ਹਾਂ ਕਿਹਾ ਕਿ ਇਹ ਅਸਲ ’ਚ ਕੋਈ ਗੱਠਜੋੜ ਨਹੀਂ ਹੈ। -ਪੀਟੀਆਈ