ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਗਸਤ
ਜਲੰਧਰ-ਫਗਵਾੜਾ ਸੜਕ ’ਤੇ ਮੇਹਟਾਂ ਬਾਈਪਾਸ ਲਾਗੇ ਖੜ੍ਹੇ ਟਰੱਕ ’ਚ ਕਾਰ ਵੱਜਣ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ (25) ਤੇ ਗੁਰਵਿੰਦਰ ਸਿੰਘ ਵਾਸੀ ਗੁਰੂ ਨਾਨਕ ਬਿਰਧ ਆਸ਼ਰਮ ਸਪਰੋੜ ਫਗਵਾੜਾ ਵਜੋਂ ਹੋਈ ਹੈ। ਇਨ੍ਹਾਂ ਦੀ ਕਾਰ ਦੀ ਹਨ੍ਹੇਰੇ ’ਚ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਸਰੇ ਵਿਅਕਤੀ ਦੀ ਹਸਪਤਾਲ ਪੁੱਜ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਸਦਰ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਨੇ ਅਜੇ ਆਪਣੇ ਬਿਆਨ ਦਰਜ ਨਹੀਂ ਕਰਵਾਏ ਹਨ, ਬਿਆਨ ਦਰਜ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਦਰਜ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਮਾਪੇ ਨਾ ਹੋਣ ਕਾਰਨ ਜਸਵਿੰਦਰ ਸਿੰਘ ਨੂੰ ਬਚਪਨ ਤੋਂ ਆਸ਼ਰਮ ਵਾਲਿਆਂ ਨੇ ਹੀ ਪਾਲਿਆ ਸੀ ਅਤੇ ਕੁਝ ਸਮਾਂ ਪਹਿਲਾ ਹੀ ਉਸਦੀ ਸ਼ਾਦੀ ਹੋਈ ਸੀ।
ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਸਰਹੱਦੀ ਖੇਤਰ ਦੇ ਪਿੰਡ ਕਸੇਲ ਦੇ ਇਕ ਕਿਸਾਨ ਦੇ ਖੇਤਾਂ ਵਿੱਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕਾਂ ਦੀ ਸ਼ਨਾਖਤ ਕੰਵਲਜੀਤ ਸਿੰਘ (22) ਅਤੇ ਦਲਬੀਰ ਸਿੰਘ (32) ਵਾਸੀਆਨ ਕਸੇਲ ਦੇ ਤੌਰ ’ਤੇ ਕੀਤੀ ਗਈ ਹੈ| ਉਹ ਪਿੰਡ ਦੇ ਕਿਸਾਨ ਬਲਰਾਜ ਸਿੰਘ ਦੇ ਝੋਨੇ ਦੇ ਖੇਤਾਂ ਵਿੱਚ ਖਾਦ ਪਾ ਰਹੇ ਹਨ ਕਿ ਅਚਾਨਕ ਉੱਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਇਕ ਤਾਰ ਟੁੱਟ ਕੇ ਖੇਤਾਂ ਵਿੱਚ ਆ ਗਈ ਜਿਸ ਨਾਲ ਪਾਣੀ ਵਿੱਚ ਕਰੰਟ ਆ ਜਾਣ ਕਰਕੇ ਖੇਤ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਸ ਸਬੰਧੀ ਸਰਾਏ ਅਮਾਨਤ ਖਾਂ ਦੀ ਪੁਲੀਸ ਅਤੇ ਪਾਵਰਕੌਮ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ|