ਮੁਕੰਦ ਸਿੰਘ ਚੀਮਾ
ਸੰਦੌੜ, 27 ਦਸੰਬਰ
ਪਿੰਡ ਝਨੇਰ ਵਿੱਚ ਇੱਕ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੰਦੌੜ ਪੁਲੀਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਅੱਜ ਥਾਣਾ ਸੰਦੌੜ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਪਵਨਜੀਤ ਨੇ ਕਿਹਾ ਕਿ ਥਾਣਾ ਸੰਦੌੜ ਦੇ ਮੁਖੀ ਸਿਕੰਦਰ ਸਿੰਘ ਚੀਮਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਕਤਲ ਹੋਇਆ ਹੈ। ਜਾਣਕਾਰੀ ਮੁਤਾਬਕ ਜਰਨੈਲ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਝਨੇਰ ਬੀਤੀ 20 ਦਸੰਬਰ ਨੂੰ ਘਰੋਂ ਖੇਤ ਗਿਆ ਸੀ ਤੇ ਉਸ ਤੋਂ ਬਾਅਦ ਹੀ ਉਹ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ ਤੇ ਉਸਦਾ ਮੋਟਰਸਾਈਕਲ ਪਿੰਡ ਦੁਲਮਾਂ ਕਲਾਂ ਕੋਲੋਂ ਮਿਲਿਆ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਸ਼ੁਰੂ ਤੋਂ ਹੀ ਪਿੰਡ ਦੇ ਅਵਤਾਰ ਸਿੰਘ ਨਿੱਕੜਾ ’ਤੇ ਸ਼ੱਕ ਜਤਾਇਆ ਜਾ ਰਿਹਾ ਸੀ। ਮੁਲਜ਼ਮ ਅਵਤਾਰ ਸਿੰਘ ਨਿੱਕੜਾ ਨੇ ਆਪਣੇ ਦੋ ਹੋਰ ਸਾਥੀਆਂ ਗੁਰਦੀਪ ਸਿੰਘ ਗੱਗੀ, ਲਛਮਣ ਚੰਦ ਨਾਇਤਾ ਨਾਲ ਮਿਲ ਕੇ ਜਰਨੈਲ ਸਿੰਘ ਦਾ ਗੰਡਾਸੇ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਖੂਹੀ ਵਿੱਚ ਸੁੱਟ ਦਿੱਤੀ ਸੀ।
ਮੁੱਖ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ
ਸੰਦੌੜ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਮੁਲਜ਼ਮ ਅਵਤਾਰ ਸਿੰਘ ਨਿੱਕੜਾ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਤਿੰਨੋਂ ਮੁਲਜ਼ਮਾਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਜਦਕਿ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।