ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਫਰਵਰੀ
ਪੰਜਾਰ ਕਾਂਗਰਸ ਦੀ ਸੂਬਾਈ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਸੀ ਕਿ ਬਹੁਤੀਆਂ ਥਾਵਾਂ ’ਤੇ ਵੋਟਿੰਗ ਮਸ਼ੀਨਾਂ ਦਾ ਵਾਰ-ਵਾਰ ਖ਼ਰਾਬ ਹੋਣਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਸ਼ੱਕ ਪੈਦਾ ਕਰਦਾ ਹੈ। ਮੋਦੀ ਸਰਕਾਰ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਕਰ ਸਕਦੀ ਹੈ। ਇੱਥੇ ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਪੰਜ ਸੂਬਿਆਂ ਵਿੱਚ ਹੀ ਵੋਟਾਂ ਪੈ ਰਹੀਆਂ ਹਨ ਇਸ ਲਈ ਖ਼ਰਾਬ ਮਸ਼ੀਨਾਂ ਬਾਰੇ ਪਹਿਲਾਂ ਸੋਚਣਾ ਚਾਹੀਦਾ ਸੀ। ਬੀਬੀ ਭੱਠਲ ਨੇ ਮੰਗ ਕੀਤੀ ਕਿ ਵਿਕਸਤ ਦੇਸ਼ਾਂ ਵਾਂਗ ਇੱਥੇ ਵੀ ਪਰਚੀ ਸਿਸਟਮ ਹੋਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਏਵੀਐੱਮ ਮਸ਼ੀਨਾਂ ਖਰਾਬ ਹੋਣ ਕਾਰਨ ਦੋ ਘੰਟੇ ਲੇਟ ਹੋਈ ਵੋਟਿੰਗ
ਲਹਿਰਾਗਾਗਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਲਹਿਰਾਗਾਗਾ ’ਚ 66.1 ਫੀਸਦੀ ਮਤਦਾਨ ਹੋਇਆ। ਮਾਰਕੀਟ ਕਮੇਟੀ ’ਚ ਬਣੇ ਪੋਲਿੰਗ ਬੂਥ ਨੰਬਰ 31 ਅਤੇ ਪੋਲਿੰਗ ਬੂਥ 38 ’ਚ ਈਵੀਐੱਮਜ਼ ਸਵੇਰੇ ਹੀ ਖਰਾਬ ਹੋਣ ਕਰਕੇ ਡੇਢ ਘੰਟੇ ਵੋਟਿੰਗ ਬੰਦ ਰਹੀ। ਈਵੀਐੱਮ ਖਰਾਬ ਹੋਣ ’ਤੇ ਲੋਕਾਂ ਨੇ ਪ੍ਰੀਜ਼ਾਇਡਿੰਗ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੋੋਣ ਅਧਿਕਾਰੀ ਤੇ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਖਰਾਬ ਮਸ਼ੀਨਾਂ ਦੀ ਜਾਣਕਰੀ ਮਿਲਣ ਕਰਕੇ ਉਨ੍ਹਾਂ ਮਸ਼ੀਨਾਂ ਨੂੰ ਤੁਰੰਤ ਬਦਲ ਦਿੱਤਾ ਹੈ।