ਪੱਤਰ ਪ੍ਰੇਰਕ
ਕੁੱਪ ਕਲਾਂ, 26 ਅਗਸਤ
ਆਹਿਮਦਗੜ੍ਹ ਪੇਪਰ ਮਿੱਲ ਸੀਟੂ ਯੂਨੀਅਨ ਵਰਕਰਾਂ ਦੀ ਮੀਟਿੰਗ ਪਿੰਡ ਕੰਗਣਵਾਲ ਵਿੱਚ ਹੋਈ। ਸੂਬਾ ਕਮੇਟੀ ਮੈਂਬਰ ਗੁਰਦੇਵ ਰਾਜ ਭੂੰਬਲਾ ਅਤੇ ਕਿਰਪਾਲ ਸਿੰਘ ਕੰਗਣਵਾਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਮਜ਼ਦੂਰਾਂ ਦੀ ਲੁੱਟ ਕਰਨ ਲਈ ਸਰਕਾਰਾਂ ਸਰਮਾਏਦਾਰ ਦਾ ਸਾਥ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਪੀਐੱਫ ’ਤੇ ਵਿਆਜ ਘਟਾ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਛੇ ਮਹੀਨੇ ਤੋਂ ਉਜਰਤ ਵਿੱਚ ਕੋਈ ਵਾਧਾ ਨਹੀਂ ਕੀਤਾ। ਇਸ ਤੋਂ ਇਲਾਵਾ ਕਰੋਨਾ ਕਾਲ ਦੌਰਾਨ ਡੀਏ ਦਾ ਮਹਿੰਗਾਈ ਭੱਤਾ ਅਜੇ ਤੱਕ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪੇਪਰ ਮਿੱਲ ਦੀ ਮੈਨੇਜਮੈਂਟ ਵੀ ਮਜ਼ਦੂਰਾਂ ਦੀਆਂ ਜ਼ਰੂਰੀ ਮੰਗਾਂ ਸਵੀਕਾਰ ਨਹੀਂ ਕਰ ਰਹੀ, ਜਦ ਕਿ ਉਨ੍ਹਾਂ ਨੂੰ ਸੰਘਰਸ਼ ਕਰਦਿਆਂ ਪੰਜ ਮਹੀਨੇ ਤੋਂ ਉਪਰ ਦਾ ਸਮਾਂ ਲੰਘ ਚੁੱਕਿਆ ਹੈ। ਇਸ ਮੌਕੇ ਪ੍ਰਧਾਨ ਰਾਮ ਯਤਨ, ਪਲਵਿੰਦਰ ਸਿੰਘ ਛਪਾਰ, ਬਲਜੀਤ ਸਿੰਘ ,ਸੁਭਾਸ਼ ਰਾਮ, ਮਨਜੀਤ ਸਿੰਘ ਅਤੇ ਮੁਹੰਮਦ ਇਰਸ਼ਾਦ ਹਾਜ਼ਰ ਸਨ।