ਯੈਂਗੌਨ, 11 ਫਰਵਰੀ
ਮਿਆਂਮਾਰ ’ਚ ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਖ਼ਿਲਾਫ਼ ਮੁਜ਼ਾਹਰੇ ’ਚ ਅੱਜ ਜਾਤੀ ਘੱਟਗਿਣਤੀ ਭਾਈਚਾਰੇ ਵੀ ਸ਼ਾਮਲ ਹੋ ਗਏ। ਯੈਂਗੌਨ ਅਤੇ ਮੰਡਾਲੇ ’ਚ ਹਜ਼ਾਰਾਂ ਲੋਕਾਂ ਰੋਜ਼ਾਨਾ ਰੈਲੀਆਂ ਅਤੇ ਮਾਰਚ ਕਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਨੇਪਈਤਾ ਅਤੇ ਕਈ ਹੋਰ ਸ਼ਹਿਰਾਂ ਤੇ ਕਸਬਿਆਂ ’ਚ ਵੱਡੀਆਂ ਰੈਲੀਆਂ ਹੋ ਰਹੀਆਂ ਹਨ। ਇਨ੍ਹਾਂ ਮੁਜ਼ਾਹਰਿਆਂ ’ਚ ਫੈਕਟਰੀ ਵਰਕਰ, ਸਮਾਜ ਸੇਵਕ, ਵਿਦਿਆਰਥੀ, ਅਧਿਆਪਕ, ਸਿਹਤ ਵਰਕਰ ਅਤੇ ਹੋਰ ਲੋਕ ਸ਼ਾਮਲ ਹੋ ਰਹੇ ਹਨ। ਬੋਧੀ ਭਿਕਸ਼ੂ ਅਤੇ ਕੈਥੋਲਿਕ ਪਾਦਰੀਆਂ ਤੋਂ ਇਲਾਵਾ ਐੱਲਜੀਬੀਟੀਕਿਊ ਦੇ ਦਲ ਵੀ ਪ੍ਰਦਰਸ਼ਨਾਂ ’ਚ ਹਿੱਸਾ ਲੈ ਰਹੇ ਹਨ।
ਅੱਜ ਜਾਤੀ ਘੱਟਗਿਣਤੀ ਭਾਈਚਾਰੇ ਦੇ ਲੋਕ ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਆਪੋ ਆਪਣੇ ਖੇਤਰਾਂ ’ਚ ਪ੍ਰਦਰਸ਼ਨਾਂ ਸ਼ਾਮਲ ਹੋਏ। ਜਾਤੀ ਘੱਟਗਿਣਤੀ ਭਾਈਚਾਰੇ ਦੇਸ਼ ’ਚ ਲੰਬਾ ਸਮਾਂ ਫ਼ੌਜੀ ਦਮਨ ਦਾ ਸ਼ਿਕਾਰ ਹੁੰਦੇ ਰਹੇ ਹਨ। ਦੱਖਣੀ ਸ਼ਹਿਰ ਦਵੇਈ ’ਚ ਲੋਕਾਂ ਨੇ ਅੱਜ ਫ਼ੌਜ ਦੇ ਸੀਨੀਅਰ ਜਨਰਲ ਮਿੰਗ ਆਂਗ ਦੇ ਪੋਸਟਰ ਪੈਰਾਂ ਹੇਠ ਕੁਚਲੇ। ਪ੍ਰਦਰਸ਼ਨਕਾਰੀ, ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੀ ਬਹਾਲੀ ਅਤੇ ਕੌਮੀ ਨੇਤਾ ਆਂਗ ਸਾਂ ਸੂ ਕੀ ਸਣੇ ਨਜ਼ਰਬੰਦ ਬਣਾਏ ਗਏ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਫ਼ੌਜੀ ਸ਼ਾਸਨ ਵੀ ਆਪਣੇ ਫ਼ੈਸਲੇ ਤੋਂ ਪਲਟਦਾ ਦਿਖਾਈ ਨਹੀਂ ਦੇ ਰਿਹਾ ਅਤੇ ਬੁੱਧਵਾਰ ਰਾਤ ਨੂੰ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੇ ਹੋਰ ਸੀਨੀਅਰ ਮੈਂਬਰਾਂ ਸਣੇੇ ਕਈ ਹੋਰ ਸਿਆਸਤਦਾਨਾਂ ਅਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। -ਏਪੀ