ਲੰਡਨ: ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਨੇ ਹਾਲ ਹੀ ਵਿਚ ਕਰੋਨਾਵਾਇਰਸ ਦੇ ਇਕ ਨਵੇਂ ਸਰੂਪ ਦੀ ਸ਼ਨਾਖ਼ਤ ਕੀਤੀ ਹੈ ਜਿਸ ਨੂੰ ਉਹ ਮੁਲਕ ਦੇ ਇਕ ਵੱਡੇ ਸੂਬੇ ’ਚ ਕੋਵਿਡ ਦੇ ਕੇਸ ਵਧਣ ਦਾ ਕਾਰਨ ਦੱਸ ਰਹੇ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਨਵਾਂ ‘ਵੇਰੀਂਐਂਟ’ ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਇਆ, ਪਰ ਦੱਖਣੀ ਅਫ਼ਰੀਕਾ ਨੇ ਇਸ ਬਾਰੇ ਡਬਲਿਊਐਚਓ ਨੂੰ ਜਾਣੂ ਕਰਵਾ ਦਿੱਤਾ ਹੈ। ਹੁਣ ਇਹ ਕਈ ਮੁਲਕਾਂ ਵਿਚ ਪਹੁੰਚ ਰਹੇ ਯਾਤਰੀਆਂ ਵਿਚ ਦੇਖਿਆ ਜਾ ਰਿਹਾ ਹੈ। ਇਹ ਆਸਟਰੇਲੀਆ, ਇਜ਼ਰਾਇਲੀ ਤੇ ਨੀਦਰਲੈਂਡਜ਼ ਵਿਚ ਵੀ ਮਿਲਿਆ ਹੈ। ਡਬਲਿਊਐਚਓ ਨੇ ਇਸ ਨੂੰ ਚਿੰਤਾ ਦਾ ਕਾਰਨ ਦੱਸਿਆ ਹੈ ਤੇ ਇਸ ਦਾ ਨਾਂ ‘ਓਮੀਕਰੋਨ’ ਰੱਖਿਆ ਹੈ ਜੋ ਕਿ ਇਕ ਯੂਨਾਨੀ ਅੱਖਰ ਹੈ। ਦੱਖਣੀ ਅਫ਼ਰੀਕਾ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਸ਼ਨਿਚਰਵਾਰ ਇਕੋ ਦਿਨ ’ਚ 3200 ਕੇਸ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹੋਰਨਾਂ ਸਰੂਪਾਂ ਦੇ ਮੁਕਾਬਲੇ ਲੋਕਾਂ ਦੇ ਇਸ ਨਵੇਂ ਸਰੂਪ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਵੱਧ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਰੋਨਾ ਹੋ ਚੁੱਕਾ ਹੈ ਤੇ ਉਹ ਠੀਕ ਵੀ ਹੋ ਚੁੱਕੇ ਹਨ, ਉਹ ਵੀ ਇਸ ਦੀ ਲਪੇਟ ਵਿਚ ਆ ਸਕਦੇ ਹਨ। -ਏਪੀ