ਕਟਵਾ (ਪੱਛਮੀ ਬੰਗਾਲ), 14 ਅਪਰੈਲ
ਬੀ ਆਰ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਦੋਸ਼ ਲਾਇਆ ਕਿ ਮਮਤਾ ਬੈਨਰਜੀ ਦੀ ਅਗਵਾਈ ਹੇਠ ਤ੍ਰਿਣਮੂਲ ਕਾਂਗਰਸ ਦੇ ਆਗੂ ਦਲਿਤਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲੈਂਦਿਆਂ ਕਿਹਾ ਕਿ ਹਾਲ ਹੀ ’ਚ ਤ੍ਰਿਣਮੂਲ ਕਾਂਗਰਸ ਦੀ ਇੱਕ ਮਹਿਲਾ ਆਗੂ ਨੇ ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗਾਂ ਦੇ ਲੋਕਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸ੍ਰੀ ਨੱਡਾ ਨੇ ਪੂਰਬੀ ਬਰਧਮਾਨ ਜ਼ਿਲ੍ਹੇ ਵਿੱਚ ਕਟਵਾ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ਪਰ ਮਮਤਾ-ਦੀ ਨੇ ਉਨ੍ਹਾਂ ਟਿੱਪਣੀਆਂ ਲਈ ਉਸ ਮਹਿਲਾ ਆਗੂ ਦੀ ਕੋਈ ਨਿਖੇਧੀ ਨਹੀਂ ਕੀਤੀ ਹੈ।’ ਉਨ੍ਹਾਂ ਕਿਹਾ ਕਿ ਇੱਕ ਖਾਸ ਧਰਮ ਦੇ ਲੋਕਾਂ ਨੂੰ ਇੱਕਜੁੱਟ ਹੋਣ ਲਈ ਆਖਣ ਵਾਸਤੇ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ’ਤੇ 24 ਘੰਟਿਆਂ ਲਈ ਪ੍ਰਚਾਰ ਕਰਨ ’ਤੇ ਰੋਕ ਲਾਈ ਤੇ ਸੁਆਲ ਕੀਤਾ ਕਿ ਪੱਛਮੀ ਬੰਗਾਲ ਵਿੱਚ ਪਿਛਲੇ 10 ਸਾਲਾਂ ਵਿੱਚ ਕਿਸ ਕਿਸਮ ਦੀ ਸਰਕਾਰ ਹੈ, ਜੋ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ।’ ਉਨ੍ਹਾਂ ਕਿਹਾ,‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸੂਬੇ ਦੇ ਵਿਕਾਸ ਲਈ ਉਸ ’ਤੇ ਸਥਾਈ ਤੌਰ ’ਤੇ ਪਾਬੰਦੀ ਲਾਉਣ ਲਈ ਆਪਣੇ ਵੋਟ ਦੀ ਵਰਤੋਂ ਕਰੋ।’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 130 ਕਰੋੜ ਲੋਕਾਂ ਦੇ ਵਿਕਾਸ ਲਈ ਕੰਮ ਕਰਦੇ ਹਨ, ਉੱਥੇ ਕੋਈ ਵਿਅਕਤੀ ਕਿਸੇ ਖਾਸ ਧਰਮ ਦੇ ਲੋਕਾਂ ਨੂੰ ਇੱਕਜੁੱਟ ਹੋਣ ਲਈ ਆਖ ਰਿਹਾ ਹੈ। ਉਨ੍ਹਾਂ ਕਿਹਾ,‘ਉਨ੍ਹਾਂ ਦੀ (ਬੈਨਰਜੀ) ਦੀ ਬੇਚੈਨੀ ਇੰਨੀ ਵਧ ਗਈ ਹੈ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹ ਲੋਕਾਂ ਨੂੰ ਸੀਏਪੀਐੱਫ ਦੇ ਜਵਾਨਾਂ ਦਾ ਘਿਰਾਓ ਕਰਨ ਲਈ ਆਖ ਰਹੀ ਹੈ। ਉਨ੍ਹਾਂ ਵੀਰਵਾਰ ਨੂੰ ਮਨਾਏ ਜਾਣ ਵਾਲੇ ਬੰਗਾਲੀ ਨਵੇਂ ਸਾਲ ਦੇ ਮੌਕੇ ’ਤੇ ਲੋਕਾਂ ਨੂੰ ਪਹਿਲਾਂ ਹੀ ਮੁਬਾਰਕਬਾਦ ਦਿੰਦਿਆਂ ਕਿਹਾ,‘ਮੈਨੂੰ ਉਮੀਦ ਹੈ ਕਿ ਅਸੀਂ ਹਨੇਰੇ ਤੋਂ ਚਾਨਣ ਵੱਲ ਜਾਵਾਂਗੇ।’ ਪਿਛਲੇ ਸਾਲ ਦਸੰਬਰ ਵਿੱਚ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਆਪਣੇ ਕਾਫ਼ਲੇ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਡਰ ਦਾ ਮਾਹੌਲ ਬਣਾਏ ਜਾਣ ਦੇ ਬਾਵਜੂਦ ਬੰਗਾਲ ਦੇ ਲੋਕ ਸੱਤਾਧਾਰੀ ਤ੍ਰਿਣਮੂਲ ਨੂੰ ਉਚਿੱਤ ਜੁਆਬ ਦੇਣ ਲਈ ਬਹਾਦਰ ਹਨ। ਸ੍ਰੀ ਨੱਡਾ ਨੇ ਇਸ ਤੋਂ ਪਹਿਲਾਂ ਦਿਨ ਵਿੱਚ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੋਂਗਾਓਂ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ। -ਪੀਟੀਆਈ
‘ਮਮਤਾ ਦੇ ਜਾਣ ਲਈ ਘੰਟੀ ਪਹਿਲਾਂ ਹੀ ਵੱਜ ਚੁੱਕੀ ਹੈ’
ਜਮਾਲਪੁਰ (ਪੱਛਮੀ ਬੰਗਾਲ): ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਭਾਜਪਾ ਦੇ ਮੁੱਖ ਆਗੂਆਂ ਖ਼ਿਲਾਫ਼ ਗਲਤ ਭਾਸ਼ਾ ਅਤੇ ਬੰਗਾਲ ਦੇ ਸੱਭਿਆਚਾਰ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਲਈ ਘੰਟੀ ਪਹਿਲਾਂ ਹੀ ਵੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਹੈ ਜੋ ਸ੍ਰੀ ਰਾਮਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਬੰਕਿਮ ਚੰਦਰ ਚਟੋਪਾਧਿਆਏ, ਰਾਬਿੰਦਰਨਾਥ ਟੈਗੋਰ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੰਦੇਸ਼ਾਂ ਦਾ ਪੂਰੇ ਮੁਲਕ ’ਚ ਪ੍ਰਚਾਰ ਕਰ ਰਹੀ ਹੈ। ਪੂਰਬੀ ਬਰਧਮਾਨ ਜ਼ਿਲ੍ਹੇ ਵਿੱਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਮੁਖੀ ਨੇ ਕਿਹਾ,‘ਉਹ (ਇੱਕ ਮੰਦਰ ਵਿੱਚ) ਭਾਵੇਂ ਜਿੰਨਾ ਮਰਜ਼ੀ ਘੰਟੀ ਖੜਕਾ ਲੈਣ, ਪਰ ਉਨ੍ਹਾਂ ਦੇ ਜਾਣ ਦੀ ਘੰਟੀ ਪਹਿਲਾਂ ਹੀ ਵੱਜ ਚੁੱਕੀ ਹੈ।’ -ਪੀਟੀਆਈ