ਵਾਸ਼ਿੰਗਟਨ, 14 ਅਪਰੈਲ
ਅਮਰੀਕੀ ਖ਼ੁਫੀਆ ਤੰਤਰ ਨੇ ਕਾਂਗਰਸ (ਅਮਰੀਕੀ ਸੰਸਦ) ਨੂੰ ਜਾਣੂ ਕਰਵਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ’ਚ ਭਾਰਤ, ਪਾਕਿਸਤਾਨ ਵੱਲੋਂ ਭੜਕਾਏ ਜਾਣ ’ਤੇ ਜ਼ਿਆਦਾਤਰ ਫ਼ੌਜੀ ਤਾਕਤ ਹੀ ਵਰਤੇਗਾ। ਭਾਵੇਂ ਖ਼ਤਰਾ ਅਸਲ ਹੋਵੇ ਜਾਂ ਇਸ ਦੇ ਵਾਪਰਨ ਦਾ ਖ਼ਦਸ਼ਾ ਹੀ ਹੋਵੇ। ‘ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ’ ਦੇ ਦਫ਼ਤਰ ਨੇ ਆਪਣੀ ਸਾਲਾਨਾ ਮੁਲਾਂਕਣ ਰਿਪੋਰਟ ਵਿਚ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਜੰਗ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਇਨ੍ਹਾਂ ਵਿਚਾਲੇ ਬਣਿਆ ਸੰਕਟ ਡੂੰਘਾ ਜ਼ਰੂਰ ਹੋ ਸਕਦਾ ਹੈ। ਖ਼ੁਫੀਆ ਤੰਤਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਵਿਚ ਹਿੰਸਕ ਟਕਰਾਅ ਜਾਂ ਭਾਰਤ ਵਿਚ ਅਤਿਵਾਦੀ ਹਮਲਾ ਸੰਕਟ ਗਹਿਰਾ ਕਰਨ ਦਾ ਕਾਰਨ ਬਣ ਸਕਦੇ ਹਨ। ਰਿਪੋਰਟ ਮੁਤਾਬਕ ਅਫ਼ਗਾਨਿਸਤਾਨ, ਇਰਾਕ ਤੇ ਸੀਰੀਆ ਵਿਚ ਲੱਗੀ ਜੰਗ ਅਮਰੀਕੀ ਬਲਾਂ ’ਤੇ ਸਿੱਧਾ ਅਸਰ ਪਾ ਰਹੀ ਹੈ। ਜਦਕਿ ਪ੍ਰਮਾਣੂ ਸ਼ਕਤੀ ਨਾਲ ਲੈਸ ਭਾਰਤ ਤੇ ਪਾਕਿਸਤਾਨ ਵੀ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਰਿਪੋਰਟ ’ਚ ਇਜ਼ਰਾਈਲ ਤੇ ਇਰਾਨ ਦੇ ਟਕਰਾਅ, ਲਬਿੀਆ ਵਿਚ ਵਿਦੇਸ਼ੀ ਤਾਕਤਾਂ ਦੇ ਸਰਗਰਮ ਹੋਣ, ਅਫ਼ਰੀਕਾ, ਏਸ਼ੀਆ ਤੇ ਮੱਧ ਪੂਰਬ ਵਿਚਲੀਆਂ ਹੋਰ ਗੜਬੜੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਜੇ ਅਫ਼ਗਾਨਿਸਤਾਨ ਨਾਲ ਗੱਠਜੋੜ ਤੋੜ ਲਿਆ ਜਾਂਦਾ ਹੈ ਤਾਂ ਤਾਲਿਬਾਨ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਅਤੇ ਅਫ਼ਗਾਨ ਸਰਕਾਰ ਇਕੱਲੀ ਸੰਘਰਸ਼ ਕਰੇਗੀ। -ਪੀਟੀਆਈ