ਸ੍ਰੀਨਗਰ, 29 ਨਵੰਬਰ
ਕਸ਼ਮੀਰ ਵਾਦੀ ਵਿਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਮਨਫ਼ੀ ਤੋਂ ਹੇਠਾਂ ਚਲਾ ਗਿਆ ਹੈ। ਸ੍ਰੀਨਗਰ ਵਿਚ ਐਤਵਾਰ ਰਾਤ ਘੱਟੋ-ਘੱਟ ਤਾਪਮਾਨ ਮਨਫ਼ੀ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਹਿਲਗਾਮ ਵਿਚ ਤਾਪਮਾਨ ਮਨਫ਼ੀ 3.4 ਡਿਗਰੀ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਰਿਜ਼ੌਰਟ ਵਿਚ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ। ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਚ ਤਾਪਮਾਨ ਸਿਫ਼ਰ ਤੋਂ 1.6 ਡਿਗਰੀ ਹੇਠਾਂ ਰਿਹਾ। ਵਾਦੀ ਦੇ ਦਾਖਲਾ ਦੁਆਰ ਕਾਜ਼ੀਗੁੰਡ ਵਿਚ ਤਾਪਮਾਨ ਮਨਫ਼ੀ 2 ਡਿਗਰੀ ਸੈਲਸੀਅਸ ਰਿਹਾ।
ਇਸੇ ਤਰ੍ਹਾਂ ਕੋਕਰਨਾਗ ਦਾ ਤਾਪਮਾਨ ਵੀ ਮਨਫ਼ੀ 0.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਦੇ ਤਿੰਨ ਦਸੰਬਰ ਤੱਕ ਠੰਢਾ ਪਰ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।
ਆਮ ਤੌਰ ’ਤੇ ਦਸੰਬਰ ਦੇ ਤੀਜੇ ਹਫ਼ਤੇ ਤੋਂ ਵਾਦੀ ਵਿਚ ਸਖ਼ਤ ਸਰਦੀ ਪੈਣੀ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਇਹ ਕਾਫ਼ੀ ਪਹਿਲਾਂ ਸ਼ੁਰੂ ਹੋ ਗਈ ਹੈ। -ਪੀਟੀਆਈ