ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਅਪਰੈਲ
ਪੁਲੀਸ ਥਾਣਾ ਸ਼ਹਿਰੀ ਨੇ ਲੰਘੀ 15 ਫਰਵਰੀ ਨੂੰ ਨਗਰ ਕੌਂਸਲ ਅਮਲੇ ਨੂੰ ਗੰਦੇ ਨਾਲੇ ਦੀ ਸਫਾਈ ਦੌਰਾਨ ਕੱਪੜੇ ਦੀ ਬਣਾਈ ਬੋਰੀ ’ਚ ਬੰਨ੍ਹ ਕੇ ਸੁੱਟੀ ਹੋਈ ਲਾਸ਼ ਦਾ ਸੁਰਾਗ ਲਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 15 ਫਰਵਰੀ ਨੂੰ ਜਦੋਂ ਨਗਰ ਕੌਂਸਲ ਦਾ ਅਮਲਾ ਰਾਜੇਸ਼ ਕੁਮਾਰ, ਸ਼ਾਮ ਚੰਦ ਅਤੇ ਰਾਕੇਸ਼ ਕੁਮਾਰ ਸੈਕਟਰੀ ਇੰਸ. ਰਣਜੀਤ ਸਿੰਘ ਦੀ ਅਗਵਾਈ ਹੇਠ ਸੁਭਾਸ਼ ਗੇਟ ਤੋਂ ਗਰੇਵਾਲ ਕਲੋਨੀ ਵਾਲੇ ਗੰਦੇ ਨਾਲੇ ਦੀ ਸਫਾਈ ਕਰਵਾ ਰਹੇ ਸਨ ਤਾਂ ਅਚਾਨਕ ਇੱਕ ਕੱਪੜੇ ਦੀ ਬੋਰੀ ਮਿਲੀ, ਜਿਸ ਸਬੰਧੀ ਇੰਸਪੈਕਟਰ ਰਣਜੀਤ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ।
ਪੁਲੀਸ ਨੇ ਬੋਰੀ ਨੂੰ ਖੋਲ੍ਹਿਆ ਤਾਂ ਵਿੱਚੋਂ ਇੱਕ ਲਾਸ਼ ਮਿਲੀ। ਜਦੋਂ ਪੁਲੀਸ ਨੇ ਸ਼ਹਿਰ ’ਚ ਰਹਿੰਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਲਾਸ਼ ਦੀ ਸ਼ਨਾਖਤ ਕਰਨ ਲਈ ਸੱਦਿਆ ਤਾਂ ਪਤਾ ਲੱਗਾ ਕਿ ਇਹ ਲਾਸ਼ ਜਗਰਾਉਂ ਨਲਕਿਆਂ ਵਾਲੇ ਖੂਹ ਕੋਲ ਕਿਰਾਏ ਦੇ ਮਕਾਨ ’ਚ ਰਹਿੰਦੇ ਗਾਲਬਿ ਹੁਸੈਨ ਪੁੱਤਰ ਇਬਰਾਹੀਮ ਵਾਸੀ ਬਿਗਵੇਸਰੀ ਥਾਣਾ ਜੋਕੀ (ਬਿਹਾਰ) ਦੀ ਹੈ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਡੀਐੱਸਪੀ ਜਤਿੰਦਰਜੀਤ ਸਿੰਘ, ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦਿੱਲੀ ਤੋਂ ਜਾਵੇਦ ਨਾਮਕ ਮੁਲਜ਼ਮ ਜੋ ਕਿ ਜਾਮੀਆਂ ਨਗਰ ਦੇ ਪਿਛਲੇ ਪਾਸੇ ਸ਼ਾਹੀਨ ਬਾਗ ’ਚ ਰਹਿੰਦਾ ਸੀ ਨੂੰ ਗ੍ਰਿਫਤਾਰ ਕੀਤਾ। ਜਾਵੇਦ ਨੇ ਦੱਸਿਆ ਕਿ ਮ੍ਰਿਤਕ ਗਾਲਬਿ ਹੁਸੈਨ ਤਾਂਤਰਿਕ ਸੀ। ਉਸ ਕੋਲ ਜਾਵੇਦ ਆਪਣੀ ਪਛਾਣ ਵਾਲੀ ਔਰਤ ਫਾਤਿਮਾ ਨੂੰ ਲੈ ਕੇ ਆਇਆ। ਜਾਵੇਦ ਨੂੰ ਸ਼ੱਕ ਹੋ ਗਿਆ ਕਿ ਗਾਲਬਿ ਹੁਸੈਨ ਨੇ ਫਾਤਿਮਾ ਨਾਲ ਨਾਜਾਇਜ਼ ਸਬੰਧ ਬਣਾਏ ਹਨ।
ਇਸ ਮਗਰੋਂ ਉਸ ਨੇ ਫਾਤਿਮਾ ਨੂੰ ਦਿੱਲੀ ਭੇਜ ਦਿੱਤਾ ਅਤੇ ਖੁਦ ਗਾਲਬਿ ਕੋਲ ਰੁਕ ਗਿਆ। ਰਾਤ ਵੇਲੇ ਦੋਹਾਂ ਦੀ ਲੜਾਈ ਹੋਈ, ਜਿਸ ਉਪਰੰਤ ਜਾਵੇਦ ਨੇ ਸੁੱਤੇ ਪਏ ਗਾਲਬਿ ਦੇ ਸਿਰ ’ਚ ਇੱਟ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨਾਲੇ ’ਚ ਸੁੱਟਕੇ ਉਹ ਖ਼ੁਦ ਦਿੱਲੀ ਭੱਜ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਫਰਾਰ ਔਰਤ ਫਾਤਿਮਾ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।