ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਅਗਸਤ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਅਧਿਆਪਕਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਸਾਲ 2018 ਤੋਂ ਬਾਅਦ ਤਰੱਕੀ ਪ੍ਰਾਪਤ ਅਤੇ ਸਿੱਧੀ ਭਰਤੀ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ‘ਤੇ ਵਿਭਾਗੀ ਟੈਸਟ ਥੋਪਣ ਦੇ ਫ਼ੈਸਲੇ ਖ਼ਿਲਾਫ਼ ਅਧਿਆਪਕ ਵਿਰੋਧੀ ਸੇਵਾ ਨਿਯਮਾਂ ਦੀਆਂ ਕਾਪੀਆਂ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੁਰਾਣੀ ਸਰਕਾਰ ਦੇ ਹੀ ਅਧਿਆਪਕ ਵਿਰੋਧੀ ਫੈਸਲਿਆਂ ਨੂੰ ਬਰਕਰਾਰ ਰੱਖਦਿਆਂ, ਸਾਲ 2018 ਦੇ ਨਿਯਮਾਂ ਤਹਿਤ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਸਕੂਲ ਮੁਖੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਥੋਪਣ ਅਤੇ ਇਸ ਦੀ ਆੜ ਵਿੱਚ ਸਬੰਧਤ ਮੁਲਾਜ਼ਮਾਂ ਦਾ ਸਾਲਾਨਾ ਇਨਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਰਾਹ ਅਖਤਿਆਰ ਕੀਤਾ ਹੈ ਜਦੋਂ ਕਿ ਸਬੰਧਿਤ ਕਰਮਚਾਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ, ਉੱਚ ਯੋਗਤਾਵਾਂ ਗ੍ਰਹਿਣ ਕਰਨ, ਮੈਰਿਟ, ਤਜਰਬੇ ਅਤੇ ਸੀਨੀਆਰਤਾ ਰੂਪੀ ਬੈਰੀਅਰ ਸਫਲਤਾ ਨਾਲ ਪਾਰ ਕਰਨ ਉਪਰੰਤ ਨਿਯੁਕਤ ਹੁੰਦੇ ਹਨ। ਅਜਿਹੇ ਵਿੱਚ ਵਿਭਾਗੀ ਪ੍ਰੀਖਿਆ ਥੋਪਣਾ, ਗੈਰ ਵਾਜਬ ਅਤੇ ਮਾਨ ਸਨਮਾਨ ਨੂੰ ਘਟਾਉਣ ਵਾਲਾ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਡੀਟੀਐਫ਼ ਵਲੋਂ ਸਮੂਹ ਅਧਿਆਪਕਾਂ ਅਤੇ ਸੰਘਰਸ਼ੀ ਜੱਥੇਬੰਦੀਆਂ ਨੂੰ 8 ਤੋਂ 10 ਅਗਸਤ ਦਰਮਿਆਨ ਸਕੂਲਾਂ, ਦਫਤਰਾਂ ਅਤੇ ਬਲਾਕਾਂ ਵਿੱਚ ਇਸ ਮਾਰੂ ਫੈਸਲੇ ਅਤੇ ਸੇਵਾ ਨਿਯਮ 2018 ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਲ 2018 ਦੇ ਨਿਯਮ ਵਿਭਾਗੀ ਪ੍ਰੀਖਿਆ ’ਤੇ ਥੋਪਣ, ਬਾਰਡਰ/ਨਾਨ-ਬਾਰਡਰ ਕਾਡਰ ਰੂਪੀ ਵੰਡੀ ਪਾਉਣ, ਤਰੱਕੀ ਕੋਟਾ ਘਟਾਉਣ, ਨਵੀਂ ਭਰਤੀ ਦੀ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ (ਆਰਟ ਅਤੇ ਕਰਾਫਟ, ਪੀ.ਟੀ.ਆਈ, ਈ.ਟੀ.ਟੀ., ਬੀ.ਐਡ. ਆਦਿ) ਲਈ ਯੋਗਤਾ ਨਾਲੋਂ ਤੋੜਨ ਵਾਲੇ ਮਾਰੂ ਨਿਯਮ ਹਨ। ਇਸ ਮੌਕੇ ਡੀ.ਟੀ.ਐੱਫ. ਦੇ ਆਗੂ ਮੇਘ ਰਾਜ, ਕੁਲਵੰਤ ਖਨੌਰੀ, ਰਵਿੰਦਰ ਦਿੜ੍ਹਬਾ, ਡਾ. ਗੌਰਵਜੀਤ ਸਿੰਘ, ਕਮਲਜੀਤ ਬਨਭੌਰਾ, ਦੀਨਾ ਨਾਥ, ਰਾਜ ਸੈਣੀ, ਕੰਵਰਜੀਤ ਸਿੰਘ, ਰਮਨ ਲਹਿਰਾ, ਗੁਰਦੀਪ ਚੀਮਾ, ਸੁਖਵਿੰਦਰ ਸੁਖ, ਮਨਜੀਤ ਸੱਭਰਵਾਲ, ਗੁਰਜੰਟ ਸਿੰਘ ਲਹਿਲ ਕਲਾਂ, ਗੁਰਜੀਤ ਸ਼ਰਮਾ ਅਤੇ ਸੁਖਬੀਰ ਸਿੰਘ ਆਦਿ ਹਾਜ਼ਰ ਸਨ।