ਨਵੀਂ ਦਿੱਲੀ, 3 ਅਕਤੂਬਰ
ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ 15 ਜੂਨ ਨੂੰ ਚੀਨੀ ਫ਼ੌਜ ਨਾਲ ਝੜਪ ਦੌਰਾਨ ਸ਼ਹੀਦ ਹੋਏ 20 ਜਵਾਨਾਂ ਦੀ ਯਾਦ ’ਚ ਫ਼ੌਜ ਵੱਲੋਂ ਇੱਕ ਯਾਦਗਾਰ ਸਥਾਪਤ ਕੀਤੀ ਗਈ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਯਾਦਗਾਰ, ਜੋ ਕਿ ਪੂੁਰਬੀ ਲਦਾਖ ਦੀ ਚੌਕੀ-120 ’ਚ ਸਥਾਪਤ ਹੈ ਅਤੇ ਉਦਘਾਟਨ ਇਸ ਹਫ਼ਤੇ ਕੀਤਾ ਗਿਆ, ਵਿੱਚ ਗਲਵਾਨ ਘਾਟੀ ਦੇ ਸ਼ਹੀਦਾਂ ਦੀ ਬਹਾਦਰੀ ਨੂੰ ਅਪਰੇਸ਼ਨ ‘ਬਰਫੀਲਾ ਚੀਤਾ’ ਦੇ ਨਾਂ ਹੇਠ ਦਰਸਾਇਆ ਗਿਆ ਹੈ।
ਚੌਕੀ 120 ਸ਼ਯੋਕ ਦੌਲਤ ਬੇਗ (ਡੀਬੀਓ) ਰੋਡ ਦੇ ਨਾਲ ਸਥਿਤ ਹੈ। ਯੂਨਿਟ ਪੱਧਰ ਦੀ ਇਸ ਯਾਦਗਾਰ ’ਤੇ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੇ ਨਾਂ ਲਿਖੇ ਗਏ ਹਨ। ਫ਼ੌਜ ਵੱਲੋਂ ਅਪਰੇਸ਼ਨ ‘ਬਰਫੀਲਾ ਚੀਤਾ’ ਬਾਰੇ ਸੰਖੇਪ ਵੇਰਵਾ ਵੀ ਲਿਖਿਆ ਗਿਆ ਹੈ। ਯਾਦਗਾਰ ’ਤੇ ਦਰਜ ਜਵਾਨਾਂ ਦੀ ਸੂਚੀ ਵਿੱਚ ਕਰਨਲ ਬੀ. ਸੰਤੋਸ਼ ਬਾਬੂ ਤੋਂ ਇਲਾਵਾ 3 ਨਾਇਬ ਸੂਬੇਦਾਰਾਂ, 3 ਹੌਲਦਾਰਾਂ ਅਤੇ 12 ਸਿਪਾਹੀਆਂ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਗਲਵਾਨ ਘਾਟੀ ’ਚ ਹੋਈ ਝੜਪ ਦੌਰਾਨ ਮਾਰੇ ਗਏ ਆਪਣੇ ਫ਼ੌਜੀਆਂ ਦਾ ਅੰਕੜਾ ਅਜੇ ਤੱਕ ਵੀ ਨਹੀਂ ਦੱਸਿਆ ਹੈ।
ਅਮਰੀਕੀ ਖੁਫੀਆ ਰਿਪੋਰਟਾਂ ਮੁਤਾਬਕ ਉਕਤ ਝੜਪ ’ਚ ਚੀਨ ਦੇ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ 35 ਦੱਸੀ ਗਈ ਸੀ। –ਪੀਟੀਆਈ