ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਪੰਜਾਬ ਭਰ ਵਿੱਚ ਅੱਜ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਚੱਕਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਸੰਦੀਪ ਸ਼ਰਮਾ ਅਤੇ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਭਰ ਦੇ ਬੱਸ ਅੱਡਿਆਂ ਨੂੰ ਬੰਦ ਕਰ ਕੇ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨ ਦੌਰਾਨ 2200 ਵੱਡੀਆਂ ਬੱਸਾਂ ਅਤੇ 4500 ਮਿਨੀ ਬੱਸਾਂ ਸੜਕਾਂ ’ਤੇ ਨਹੀਂ ਨਿੱਕਲੀਆਂ। ਬਸ ਅੱਡੇ ਬੰਦ ਹੋਣ ਅਤੇ ਪ੍ਰਾਈਵੇਟ ਬੱਸਾਂ ਨਾ ਚੱਲਣ ਕਰ ਕੇ ਲੋਕਾਂ ਨੂੰ ਦਿਨ ਭਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਤੇ ਬੱਸ ਅਪਰੇਟਰਾਂ ਨੇ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਚਾਰ ਦਿਨ ਪਹਿਲਾਂ ਹੀ ਚੱਕਾ ਜਾਮ ਦੀ ਚਿਤਾਵਨੀ ਦਿੱਤੀ ਗਈ ਸੀ ਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਯੂਨੀਅਨ ਤੱਕ ਪਹੁੰਚ ਨਹੀਂ ਕੀਤੀ। ਬਸ ਅਪਰੇਟਰਾਂ ਤੇ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਟਰਾਂਸਪੋਰਟ ਸੈਕਟਰ ਦਾ ਭੱਠਾ ਬਿਠਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਕਾਰੋਬਾਰ ਮੰਦੇ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਜੇ ਸਰਕਾਰ ਨੇ ਇਸ ਖੇਤਰ ਨੂੰ ਜਿਉਂਦਾ ਰੱਖਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਇਹ ਬੰਦ ਹੋ ਜਾਵੇਗਾ। ਇਸ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ 14 ਅਗਸਤ ਨੂੰ ਇਕ ਬੱਸ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਬੱਸ ਅਪਰੇਟਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਨਾਲ ਪ੍ਰਾਈਵੇਟ ਬੱਸ ਸੈਕਟਰ ਡੁੱਬਣ ਕੰਢੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਕਾਰਨ ਜ਼ਿਆਦਾਤਰ ਪ੍ਰਾਈਵੇਟ ਬੱਸ ਅਪਰੇਟਰ ਟੈਕਸ ਡਿਫਾਲਟਰ ਹੋ ਚੁੱਕੇ ਹਨ, ਬੱਸਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਹਨ, ਸਪੇਅਰ ਪਾਰਟਸ ਅਤੇ ਪੈਟਰੋਲ ਪੰਪਾਂ ਦਾ ਉਧਾਰ ਵਾਪਸ ਦੇਣ ਤੋਂ ਅਸਮਰਥ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਸਫ਼ਰ ਨਾਲ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀ ਹਾਲਤ ਵੀ ਤਰਸਯੋਗ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਸ਼ਨਿਚਰਵਾਰ ਅਤੇ ਐਤਵਾਰ ਦੇ ਦਿਨ ਪ੍ਰਾਈਵੇਟ ਅਤੇ ਸਰਕਾਰੀ ਦੋਵਾਂ ਵਿਚ ਕਰ ਦਿੱਤੀ ਜਾਵੇ। ਇਸ ਬਦਲੇ ਸਰਕਾਰ ਔਰਤਾਂ ਦੇ ਸਫ਼ਰ ਦੀ ਬਣਦੀ ਰਕਮ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਦੇਵੇ।ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਡੀਜ਼ਲ ਦੀ ਵਧੀ ਕੀਮਤ ਕਰ ਕੇ ਇੱਕ ਬੱਸ ਦਾ ਪ੍ਰਤੀ ਦਿਨ ਦਾ 1290 ਰੁਪਏ ਦਾ ਤੇਲ ਖ਼ਰਚਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕਿਰਾਇਆ ਵਧਾ ਕੇ ਜਨਤਾ ’ਤੇ ਬੋਝ ਨਹੀਂ ਪਾਉਣਾ ਚਾਹੁੰਦੀ ਤਾਂ ਬੱਸਾਂ ਨੂੰ ਟੈਕਸ ਅਤੇ ਅੱਡਾ ਫੀਸ ਮੁਆਫ਼ ਕੀਤੀ ਜਾਵੇ।
ਰੋਡਵੇਜ਼ ਕਾਮੇ ਹੜਤਾਲੀਆਂ ਨੂੰ ਹੋਏ ‘ਸਿੱਧੇ’
ਬਠਿੰਡਾ (ਸ਼ਗਨ ਕਟਾਰੀਆ): ਨਿੱਜੀ ਬੱਸ ਕੰਪਨੀਆਂ ਦੇ ਮਾਲਕਾਂ ਤੇ ਚਾਲਕਾਂ ਦੇ ਪ੍ਰਦਰਸ਼ਨ ਕਾਰਨ ਅੱਡੇ ’ਚ ਸਰਕਾਰੀ ਬੱਸਾਂ ਦੀ ਆਵਾਜਾਈ ਰੁਕਣ ਕਰ ਕੇ ਸਰਕਾਰੀ ਬੱਸ ਕਰਮਚਾਰੀ ਧਰਨਾਕਾਰੀਆਂ ਨੂੰ ‘ਸਿੱਧੇ’ ਹੋ ਨਿੱਕਲੇ। ਉਨ੍ਹਾਂ ਬੱਸ ਅੱਡੇ ਦੇ ਗੇਟ ਅੱਗੇ ਚੌਕ ’ਚ ਟੇਢੀਆਂ ਬੱਸਾਂ ਖੜ੍ਹਾ ਕੇ ਚੁਫੇਰਿਓਂ ਆਵਾਜਾਈ ਰੋਕ ਦਿੱਤੀ। ਇਸ ਦੋ-ਤਰਫ਼ੇ ਪ੍ਰਦਰਸ਼ਨ ਕਾਰਨ ਸਫ਼ਰ ’ਤੇ ਨਿੱਕਲਣ ਵਾਲੇ ਮੁਸਾਫ਼ਿਰ ਖੁਆਰ ਹੁੰਦੇ ਰਹੇ। ਸਰਕਾਰੀ ਬੱਸ ਕਰਮਚਾਰੀਆਂ ਨੇ ਪੁਲੀਸ ’ਤੇ ਹੜਤਾਲੀਆਂ ਦੀ ਤਰਫ਼ਦਾਰੀ ਕਰਨ ਦਾ ਦੋਸ਼ ਲਾਇਆ। ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਰਵੀ ਜਲਾਲ ਅਤੇ ਮਾਲਵਾ ਪ੍ਰਾਈਵੇਟ ਬੱਸ ਅਪਰੇਟਰ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਨਾਲ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪ੍ਰਾਈਵੇਟ ਬੱਸਾਂ ਦਾ ਟੈਕਸ ਮੁਆਫ਼ ਕਰਨ ਅਤੇ ਡੀਜ਼ਲ ਦੇ ਰੇਟ ’ਤੇ ਛੋਟ ਦੇਣ ਦੀ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ 14 ਰੋਸ ਵਜੋਂ ਨਿੱਜੀ ਬੱਸ ਅਪਰੇਟਰ ਬੱਸਾਂ ਅਤੇ ਆਪਣੇ ਘਰਾਂ ’ਤੇ ਕਾਲੇ ਝੰਡੇ ਲਾਉਣਗੇ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਬੱਸਾਂ ਨੂੰ ਅੱਗ ਵੀ ਲਾਈ ਜਾਵੇਗੀ।