ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਪਰੈਲ
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ਼੍ਰੋਮਣੀ ਕਮੇਟੀ ਨੂੰ ਮੁੜ ਆਖਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਆਪਣਾ ਚੈਨਲ ਸ਼ੁਰੂ ਕਰੇ। ਉਨ੍ਹਾਂ ਚੈਨਲ ਸ਼ੁਰੂ ਹੋਣ ਤੱਕ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੂੰ ਆਪਣੇ ਵੈੱਬ ਚੈਨਲ ਰਾਹੀਂ ਗੁਰਬਾਣੀ ਦੇ ਪ੍ਰਸਾਰਨ ਲਈ ਕਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਕੋਲੋਂ ਲੋੜੀਂਦੀ ਪ੍ਰਵਾਨਗੀ ਆਦਿ ਲੈ ਕੇ ਦੇਣ।
ਜਥੇਦਾਰ ਅੱਜ ਇਕ ਪੱਤਰ ਭੇਜ ਕੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਚੈਨਲ ਸ਼ੁਰੂ ਕਰਨ ਲਈ ਆਖਿਆ ਹੈ। ਉਨ੍ਹਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਆਈਟੀ ਵਿੰਗ ਨੂੰ ਆਪਣੇ ਵੈੱਬ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕਰਨ ਲਈ ਲਗਭਗ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਆਈਟੀ ਵਿੰਗ ਨੂੰ ਇਸ ਕੰਮ ਵਾਸਤੇ ਚੰਗੇ ਕੈਮਰੇ ਅਤੇ ਹੋਰ ਉਪਕਰਣ ਚਾਹੀਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਜੂਨ ਤੱਕ ਜੇਕਰ ਆਰੰਭ ਹੋ ਗਿਆ ਤਾਂ ਘੱਲੂਘਾਰਾ ਦਿਵਸ ਦਾ ਸਿੱਧਾ ਪ੍ਰਸਾਰਨ ਵੀ ਦੁਨੀਆ ਭਰ ਵਿਚ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਚੈਨਲ ਰਾਹੀਂ ਸਿਰਫ ਗੁਰਬਾਣੀ ਦਾ ਪ੍ਰਸਾਰਨ ਹੀ ਨਹੀਂ ਸਗੋਂ ਗੁਰੂ ਘਰ ਦੀਆਂ ਹੋਰ ਸਰਗਰਮੀਆਂ ਦਾ ਵੀ ਪ੍ਰਸਾਰਨ ਹੋਵੇਗਾ। ‘ਸਿੱਖ ਕੌਮ ਨੇ ਜੋ ਪੀੜ ਨੂੰ ਆਪਣੇ ਪਿੰਡੇ ’ਤੇ ਹੰਢਾਈ ਹੈ, ਉਸ ਨੂੰ ਵੀ ਇਸ ਚੈਨਲ ਰਾਹੀਂ ਦਿਖਾਇਆ ਜਾਵੇਗਾ।’ ਜਥੇਦਾਰ ਨੇ ਦੱਸਿਆ ਕਿ ਚੈਨਲ ਲਈ ਯੂਕੇ ਅਤੇ ਯੂਐੱਸਏ ਸਮੇਤ ਹੋਰ ਮੁਲਕਾਂ ਦੇ ਸਿੱਖਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਵਿੱਤ ਪੱਖੋਂ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਚੈਨਲ ਨੂੰ ਸ਼ੁਰੂ ਕਰਨ ਵਾਸਤੇ ਲੋੜੀਂਦੀ ਪ੍ਰਵਾਨਗੀ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਨਲ ਸ਼ੁਰੂ ਕਰਨ ਵਾਸਤੇ ਹਰ ਸੰਭਵ ਮਦਦ ਦੇਣ ਦੀ ਕੀਤੀ ਗਈ ਪੇਸ਼ਕਸ਼ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਇਸ ਚੈਨਲ ਵਾਸਤੇ ਹਰ ਤਰ੍ਹਾਂ ਦੀ ਮਾਇਕ ਮਦਦ ਦੇਣ ਲਈ ਤਿਆਰ ਹੈ। ‘ਜੇਕਰ ਮੁੱਖ ਮੰਤਰੀ ਇਸ ਕਾਰਜ ਲਈ ਸੁਹਿਰਦ ਹਨ ਤਾਂ ਉਹ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਕੋਲੋਂ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਲੈ ਕੇ ਦੇਣ। ਇਸ ਸਬੰਧੀ ਹੋਰ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਾਉਣ ਅਤੇ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰਨ।’ ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਇਸ ਲੋੜੀਂਦੀ ਪ੍ਰਕਿਰਿਆ ਨੂੰ ਇਕ ਮਹੀਨੇ ਵਿਚ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਜੂਨ ਤੋਂ ਆਪਣਾ ਚੈਨਲ ਸ਼ੁਰੂ ਕਰ ਸਕੇ। ਦੱਸਣਯੋਗ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਕਰ ਰਹੇ ਨਿੱਜੀ ਟੀਵੀ ਚੈਨਲ ਦੇ ਪ੍ਰਬੰਧਕ ਇਸ ਵੇਲੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਘੇਰੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਭਾਰੀ ਆਲੋਚਨਾ ਹੋ ਰਹੀ ਹੈ। ਸਿੱਖ ਜਥੇਬੰਦੀਆਂ ਅਤੇ ਹੋਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਵਿਵਾਦਤ ਨਿੱਜੀ ਟੀਵੀ ਚੈਨਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਕੀਰਤਨ ਦਾ ਪ੍ਰਸਾਰਨ ਬੰਦ ਕਰੇ।
ਔਜਲਾ ਵੱਲੋਂ ਸੇਵਾਵਾਂ ਦੀ ਪੇਸ਼ਕਸ਼
ਅੰਮ੍ਰਿਤਸਰ (ਟਨਸ): ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ ਸਬੰਧੀ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਕੋਲੋਂ ਮਨਜ਼ੂਰੀ ਲੈਣ ਸਬੰਧੀ ਪੱਤਰ ਦੀ ਇਕ ਕਾਪੀ ਉਨ੍ਹਾਂ ਨੂੰ ਵੀ ਭੇਜੀ ਜਾਵੇ ਤਾਂ ਜੋ ਉਹ ਇਹ ਮਨਜ਼ੂਰੀ ਪ੍ਰਾਪਤ ਕਰਨ ਲਈ ਯਤਨ ਕਰ ਸਕਣ। ਪੱਤਰ ਵਿਚ ਉਨ੍ਹਾਂ ਕਿਹਾ ਕਿ ਉਹ ਗੁਰੂ ਨਗਰੀ ਤੋਂ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਅਹਿਮ ਅਤੇ ਪਵਿੱਤਰ ਕੰਮ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਲੋੜੀਂਦੀ ਮਨਜ਼ੂਰੀ ਲੈਣ ਲਈ ਸਬੰਧਤ ਫਾਈਲ ਦੀ ਇਕ ਕਾਪੀ ਉਨ੍ਹਾਂ ਨੂੰ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪੱਧਰ ’ਤੇ ਇਹ ਮਨਜ਼ੂਰੀ ਲੈਣ ਲਈ ਯਤਨ ਕਰ ਸਕਣ।