ਨਵੀਂ ਦਿੱਲੀ, 24 ਅਕਤੂਬਰ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ ਪੰਜਵੇਂ ਦਿਨ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ ਜਿਸ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਸ਼ ਭਰ ’ਚ ਰਿਕਾਰਡ ਪੱਧਰ ਤੱਕ ਵਧ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੰਬਈ ’ਚ ਪੈਟਰੋਲ ਦੀ ਕੀਮਤ 113.46 ਪੈਸੇ ਪ੍ਰਤੀ ਲਿਟਰ ਜਦਕਿ ਦਿੱਲੀ ’ਚ 107.59 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਮੁੰਬਈ ’ਚ 104.38 ਰੁਪਏ ਅਤੇ ਦਿੱਲੀ ’ਚ 96.32 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਜੋ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਹਨ।
ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ ਸੌ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਡੇਢ ਦਰਜਨ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਡੀਜ਼ਲ ਦੀ ਕੀਮਤ ਸੌ ਰੁਪਏ ਫੀ ਲਿਟਰ ਤੋਂ ਪਾਰ ਹੋ ਗਈ ਹੈ। ਹੁਣ ਪੱਛਮੀ ਬੰਗਾਲ ਵੀ ਇਸ ਸੂਚੀ ’ਚ ਸ਼ਾਮਲ ਹੋ ਗਿਆ ਹੈ। 24 ਸਤੰਬਰ ਤੋਂ ਲੈ ਕੇ ਹੁਣ ਤੱਕ ਕੀਤੇ ਗਏ 24 ਵਾਧਿਆਂ ਨਾਲ ਪੈਟਰੋਲ ਦੀ ਕੀਮਤ ’ਚ 6.4 ਰੁਪਏ ਅਤੇ ਡੀਜ਼ਲ ਦੀ ਕੀਮਤ ’ਚ 7.70 ਰੁਪਏ ਫੀ ਲਿਟਰ ਦਾ ਵਾਧਾ ਹੋਇਆ ਹੈ। -ਪੀਟੀਆਈ