ਸ਼ਗਨ ਕਟਾਰੀਆ
ਬਠਿੰਡਾ, 21 ਨਵੰਬਰ
ਸ਼ੁੱਕਰਵਾਰ ਸ਼ਾਮ ਨੂੰ ਭਗਤਾ ਭਾਈ ਕਾ ਵਿਚ ਡੇਰਾ ਸ਼ਰਧਾਲੂ ਮਨੋਹਰ ਲਾਲ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਗਰੁੱਪ ਨੇ ਲੈ ਲਈ ਹੈ। ਗਰੁੱਪ ਨੇ ਇਕ ਫੇਸਬੁੱਕ ਪੋਸਟ ’ਚ ਲਿਖ਼ਿਆ ਹੈ ਕਿ ‘ਅੱਜ ਜੋ ਭਗਤੇ ਕਤਲ ਹੋਇਆ, ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਿਆ।’ ਕਤਲ ਦੀ ਵਜ੍ਹਾ ਬਰਗਾੜੀ ਅਤੇ ਭਗਤਾ ਭਾਈ ’ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੱਸਿਆ ਗਿਆ ਹੈ। ਫੇਸਬੁੱਕ ਪੋਸਟ ਵਿੱਚ ਭਵਿੱਖ ’ਚ ਅਜਿਹਾ ਕਰਨ ਵਾਲਿਆਂ ਦਾ ‘ਅੰਸ਼ ਮੁਕਾਉਣ’ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਚੇਤੇ ਰਹੇ ਕਿ ਕਸਬਾ ਭਗਤਾ ਭਾਈ ਕਾ ’ਚ ਬੀਤੀ ਸ਼ਾਮ ‘ਵੈਸਟਰਨ ਯੂਨੀਅਨ ਮਨੀ ਟਰਾਂਸਫ਼ਰ’ ਦੇ ਸੰਚਾਲਕ ਅਤੇ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਤਿੰਦਰਬੀਰ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਅਰੋੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਹਮਲਾਵਰ ਦੁਕਾਨ ’ਚ ਆਏ। ਇੱਕ ਨੌਜਵਾਨ ਨੇ ਆਪਣੇ ਦੋਹਾਂ ਹੱਥਾਂ ’ਚ ਫੜ੍ਹੇ ਪਿਸਤੌਲ ਚਲਾ ਕੇ ਮਨੋਹਰ ਲਾਲ ’ਤੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ। ਥਾਣਾ ਦਿਆਲਪੁਰਾ ਭਾਈ ਵਿੱਚ ਘਟਨਾ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਕੇਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਾਚ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿਚ ਹੋਣਗੇ।