ਪੱਤਰ ਪ੍ਰੇਰਕ
ਸੰਗਰੂਰ, 14 ਅਪਰੈਲ
ਸਾਬਕਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ| ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਕਾਂਡ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਉੱਤੇ ਦੋਵੇਂ ਇੱਕ ਦੂਸਰੇ ਨਾਲ ਰਲੇ ਹੋੲੋ ਹਨ| ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਾਜ਼ਾ ਬਿਆਨਾਂ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਸੇਵਾ ਨੂੰ ਵਪਾਰ ਬਣਾਉਣ ਦੇ ਯਤਨ ਕਰਨ ਵਾਲੇ ਆਗੂਆਂ ਤੋਂ ਗਰੀਬਾਂ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ| ਦਲਿਤ ਭਾਈਚਾਰੇ ਨੂੰ ਅਹੁਦੇ ਦੇਣ ਤੇ ਔਰਤਾਂ ਨੂੰ ਬੱਸਾਂ ਵਿੱਚ ਸਫ਼ਰ ਦੀ ਰਿਆਇਤ ਦੇਣਾ ਬਾਦਲ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਹੋਰ ਨਵਾਂ ਢੱਕਵੰਜ ਹੈ। ਢੀਂਡਸਾ ਨੇ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਜਿਸ ਢੰਗ ਨਾਲ ਬਾਦਲ ਪਰਿਵਾਰ ਦੀ ਟਰਾਂਸਪੋਰਟ ਨੇ ਆਮ ਲੋਕਾਂ ਨੂੰ ਵੱਧ ਕਿਰਾਇਆ ਵਸੂਲਕੇ ਲੁੱਟਿਆ ਤੇ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਚੂਨਾ ਲਾਇਆ, ਇਸ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ| ਹੁਣ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ ਜੇ ਸਰਕਾਰ ਬਣਦੀ ਹੈ ਤਾਂ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਮੁਫ਼ਤ ਕਰਾਂਗੇ, ਲੋਕਾਂ ਨੂੰ ਗੁੰਮਰਾਹ ਕਰਨ ਦੇ ਸਿਵਏ ਕੁੱਝ ਨਹੀਂ ਹੈ|ਸ੍ਰੀ ਢੀਂਡਸਾ ਨੇ ਅੱਜ ਇਲਾਕੇ ਦੀਆਂ ਕਈ ਦਾਣਾ ਮੰਡੀਆਂ ਦਾ ਦੌਰਾ ਕਰਕੇ ਖਰੀਦ ਦੇ ਪ੍ਰਬੰਧਾਂ ਨੂੰ ਬਰੀਕੀ ਨਾਲ ਦੇਖਿਆ ਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣਕੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਤੁਰੰਤ ਹੱਲ ਕਰਵਾਉਣ ਦੀ ਮੰਗ ਕੀਤੀ | ਉਹਨਾਂ ਦੋਸ਼ ਲਾਇਆ ਕਿ ਖਨੌਰੀ, ਲਹਿਰਾ ਤੇ ਮੂਨਕ ਦੀਆਂ ਦਾਣਾ ਮੰਡੀਆਂ ਅੰਦਰ ਕਣਕ ਦੀ ਖਰੀਦ ਬਾਰੇ ਵਿਕਤਰਾ ਕੀਤਾ ਜਾ ਰਿਹਾ ਹੈ | ਕਿਸਾਨਾਂ ਨੂੰ ਕਣਕ ਵੇਚਣ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ|