ਮੁੰਬਈ: ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਅੱਜ ਇੱਥੇ ਆਪਣੀ ਅਗਲੀ ਆਉਣ ਵਾਲੀ ਫਿਲਮ ‘ਥਾਰ’ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਸਲ ਜ਼ਿੰਦਗੀ ਵਿੱਚ ਪਿਓ-ਪੁੱਤ ਅਤੇ ਅਦਾਕਾਰ ਅਨਿਲ ਕਪੂਰ ਤੇ ਹਰਸ਼ ਵਰਧਨ ਕਪੂਰ ਇਕੱਠਿਆਂ ਕੰਮ ਕਰਨਗੇ। ਇਹ ਰਾਜ ਸਿੰਘ ਚੌਧਰੀ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ਹੈ ਤੇ ਫਿਲਮ ਦਾ ਨਿਰਮਾਣ ਅਨਿਲ ਕਪੂੁਰ ਫਿਲਮ ਕੰਪਨੀ (ਏਕੇਐੱਫਸੀ) ਨੇ ਕੀਤਾ ਹੈ। ਚੌਧਰੀ ਨੇ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਅਨੁਰਾਗ ਕਸ਼ਯਪ ਨੇ ਡਾਇਲਾਗ ਲਿਖੇ ਹਨ। ਪੱਛਮੀ ਸ਼ੈਲੀ ਤੋਂ ਪ੍ਰੇਰਿਤ ਫਿਲਮ ‘ਥਾਰ’ ਅੱਸੀਵੇਂ ਦਹਾਕੇ ਦੀ ਕਹਾਣੀ ਹੈ, ਜੋ ਸਿਧਾਰਥ ਨਾਂ ਦੇ ਵਿਅਕਤੀ ’ਤੇ ਕੇਂਦਰਿਤ ਹੈ। ਫਿਲਮ ਵਿੱਚ ਸਿਧਾਰਥ ਦਾ ਕਿਰਦਾਰ ਹਰਸ਼ ਵਰਧਨ ਨੇ ਨਿਭਾਇਆ ਹੈ। ਅਧਿਕਾਰਤ ਬਿਆਨ ਅਨੁਸਾਰ, ‘‘ਨੌਕਰੀ ਲਈ ਪੁਸ਼ਕਰ ਜਾਣ ਮਗਰੋਂ ਸਿਧਾਰਥ ਅਤੀਤ ਵਿੱਚ ਵਾਪਰੀ ਇੱਕ ਘਟਨਾ ਦਾ ਬਦਲਾ ਲੈਣ ਦੀ ਤਿਆਰੀ ਕਰਦਾ ਹੈ। ਕੀ ਉਹ ਸਫ਼ਲ ਹੁੰਦਾ ਹੈ ਜਾਂ ਪੁਸ਼ਕਰ ਉਸ ਦੇ ਜੀਵਨ ਵਿੱਚ ਕੋਈ ਨਵਾਂ ਮੋੜ ਲਿਆਉਂਦਾ ਹੈ।’’ ਫਿਲਮ ‘ਥਾਰ’ ਅਨਿਲ ਕਪੂਰ ਤੇ ਹਰਸ਼ ਵਰਧਨ ਦੀ ‘ਏਕੇ ਵਰਸਜ਼ ਏਕੇ’ ਤੋਂ ਬਾਅਦ ਦੂਜੀ ਅਜਿਹੀ ਫਿਲਮ ਹੈ, ਜਿੱਥੇ ਪਿਓ-ਪੁੱਤ ਮੁੜ ਇੱਕੋ ਸੈੱਟ ’ਤੇ ਇਕੱਠਿਆਂ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਸਨਾ ਸ਼ੇਖ ਅਤੇ ਸਤੀਸ਼ ਕੌਸ਼ਿਕ ਵੀ ਕੰਮ ਕਰਨਗੇ। -ਪੀਟੀਆਈ