ਪੱਤਰ ਪ੍ਰੇਰਕ
ਲਹਿਰਾਗਾਗਾ,14 ਅਪਰੈਲ
ਇਥੇ ਬਾਜ਼ਾਰਾਂ, ਅਨਾਜ ਮੰਡੀ ਅਤੇ ਰੇਲਵੇ ਲਾਈਨ ਨੇੜੇ ਘੁੰਮਦੇ ਲਾਵਾਰਿਸ ਸਾਨਾਂ ਦੇ ਝੁੰਡਾਂ ਕਰਕੇ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਅਨਾਜ ਮੰਡੀ ਸਾਨਾਂ ਦੀ ਪੱਕੀ ਪਨਾਹਗਾਰ ਬਣ ਗਈ ਹੈ। ਪੇਂਡੂ ਅਤੇ ਸ਼ਹਿਰੀ ਵਿਕਾਸ ਸੁਸਾਇਟੀ ਦੇ ਕਨਵੀਨਰ ਦੀਪਕ ਜੈਨ , ਨਗਰ ਸੁਧਾਰ ਸਭਾ ਦੇ ਬੁਲਾਰੇ ਇੰਜ. ਪੁਸ਼ਪਿੰਦਰ ਸਿੰਘ ਅਤੇ ਹੋਰਾਂ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਪੱਤਰ ਭੇਜ ਕੇ ਦੱਸਿਆ ਹੈ ਕਿ ਇਸ ਵੇਲੇ ਇਥੇ ਬੱਸ ਅੱਡਾ, ਰਾਮੀਂ ਵਾਲੀ ਖੂਹੀ ਚੌਕ ,ਸੁਨਾਮ ਜਾਖਲ ਮੁੱਖ ਸੜਕ ’ਤੇ ਹਰ ਸਮੇਂ ਲਾਵਾਰਿਸ ਜਾਨਵਰ ਬੈਠੇ ਰਹਿੰਦੇ ਇਹ ਰਾਤ ਸਮੇਂ ਹਾਦਸੇ ਦਾ ਕਾਰਨ ਬਣਦੇ ਹਨ। ਜਾਨਵਰਾਂ ਕਾਰਨ ਬਜ਼ੁਰਗ, ਔਰਤਾਂ ਤੇ ਬੱਚੇ ਦਹਿਸ਼ਤ ਵਿੱਚ ਹਨ। ਇਨ੍ਹਾਂ ਦੇ ਡਰ ਕਾਰਨ ਦੁਕਾਨਾਂ ਉੱਤੇ ਗਾਹਕੀ ਵੀ ਘੱਟ ਗਈ ਹੈ।ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਕਈ ਵਾਰ ਸਾਨ ਆਪਸ ਵਿੱਚ ਭਿੜ ਜਾਂਦੇ ਹਨ ਜਿਸ ਕਾਰਨ ਲੋਕਾਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ। ਮਾਰਕੀਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਪਹਿਲਾਂ ਮਾਰਕੀਟ ਕਮੇਟੀ ’ਚ ਕੈਟਲ ਸੁਕੇਅਰ ਦੀਆਂ ਦੋ ਅਸਾਮੀਆਂ ਹੁੰਦੀ ਸਨ ਜਿਹੜੀਆਂ ਖਤਮ ਕਰ ਦਿੱਤੀ ਸਨ। ਨਗਰ ਕੌਂਸਲ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਲਾਵਾਰਿਸ ਜਾਨਵਰਾਂ ਨੂੰ ਜ਼ਿਲ੍ਹਾ ਪੱਧਰੀ ਗਊਸ਼ਾਲਾ ਸੰਗਰੂਰ ਅਤੇ ਗਊਆਂ ਨੂੰ ਕਾਬੂ ਕਰਕੇ ਲੋਕਲ ਗਊਸ਼ਾਲਾਂ ’ਚ ਛੱਡ ਆਉਂਦੇ ਸੀ ਪਰ ਬਾਹਰਲੇ ਪਿੰਡਾਂ ਤੋਂ ਮੁੜ ਆਵਾਰਾ ਜਾਨਵਾਰ ਛੱਡ ਜਾਂਦੇ ਹਨ, ਜਿਨ੍ਹਾਂ ਦੇ ਪੱਕੇ ਪ੍ਰਬੰਧ ਲਈ ਕੌਸਲਰਾਂ ਦੀ ਮੀਟਿੰਗ ਮਗਰੋਂ ਹੀ ਫੈਸਲਾ ਲਿਆ ਜਾਵੇਗਾ। ਜਲਦੀ ਹੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ।