ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਈ
ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਹੋਰ ਰਾਜਾਂ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੀ ਕੋਵਿਡ ਵਾਰਡ ਵਿਚ ਪਿਛਲੇ ਚੌਵੀ ਘੰਟਿਆਂ ਦੌਰਾਨ 26 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਦੋ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ਼ ਸਬੰਧਤ ਹਨ। ਜਦਕਿ ਪਟਿਆਲਾ ਨਾਲ਼ ਸਬੰਧਤ ਅੱਜ 16 ਕਰੋਨਾ ਮਰੀਜਾਂ ਨੇ ਦਮ ਤੋੜਿਆ ਜਿਨ੍ਹਾਂ ਵਿਚੋਂ 12 ਨੇ ਰਾਜਿੰਦਰਾ ਹਸਪਤਾਲ ਵਿਖੇ ਜਦਕਿ 4 ਨੇ ਹੋਰ ਹਸਪਤਾਲਾਂ ’ਚ ਇਲਾਜ ਦੌਰਾਨ ਪ੍ਰਾਣ ਤਿਆਗੇ। ਇਸ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਕਰੋਨਾ ਨਾਲ ਮਰਨ ਵਾਲ਼ੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 931 ਹੋ ਗਈ ਹੈ।
ਉਧਰ ਪਟਿਆਲਾ ਜ਼ਿਲ੍ਹੇ ਵਿਚ ਅੱਜ 615 ਹੋਰ ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਨਾਲ ਜ਼ਿਲੇ ਵਿਚ ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 39809 ਹੋ ਗਈ ਹੈ। ਉਂਜ ਮਿਸ਼ਨ ਫਤਿਹ ਤਹਿਤ ਇਨ੍ਹਾਂ ਵਿਚੋਂ 34,356 ਪਾਜੇਟਿਵ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4522 ਹੈ। ਅੱਜ ਪਟਿਆਲਾ ਜ਼ਿਲ੍ਹੇ ’ਚ ਪਾਜ਼ੇਟਿਵ ਆਏ 615 ਕੇਸਾਂ ਵਿਚੋਂ 343 ਪਟਿਆਲਾ ਸ਼ਹਿਰ ਤੋਂ ਹਨ ਜਦਕਿ ਰਾਜਪੁਰਾ ਤੋਂ 54, ਨਾਭਾ ਤੋਂ 44, ਬਲਾਕ ਕੌਲੀ ਤੋਂ 34, ਬਲਾਕ ਦੂਧਣਸਾਧਾਂ ਤੋਂ 33, ਬਲਾਕ ਭਾਦਸੋਂ ਤੋਂ 25, ਬਲਾਕ ਕਾਲੋਮਾਜਰਾ ਅਤੇ ਬਲਾਕ ਸ਼ੁਤਰਾਣਾ ਤੋਂ 23-23, ਬਲਾਕ ਹਰਪਾਲਪੁਰ ਤੋਂ 20 ਅਤੇ ਸਮਾਣਾ ਤੋਂ 16 ਕੋਵਿਡ ਕੇਸ ਰਿਪੋਰਟ ਹੋਏ ਹਨ।
ਜ਼ਿਲ੍ਹਾ ਨੋਡਲ ਅਫਸਰ ਅਤੇ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਜ਼ਿਆਦਾ ਕੇਸ ਆਉਣ ’ਤੇ ਸਿੱਧੂ ਕਲੋਨੀ ਗਲੀ ਨੰਬਰ 2 ਤੇ 3 ਵਿੱਚ ਮਾਈਕਰੋ ਕੰਟੇਨਮੈਂਟ ਲਗਾ ਦਿੱਤੀ ਗਈ ਹੈ।