ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਤੇਲਗੂ ਕਵੀ ਅਤੇ ਭੀਮਾ ਕੋਰੇਗਾਓਂ ਪਰਿਸ਼ਦ ਮਾਮਲੇ ਦੇ ਮੁਲਜ਼ਮ ਪੀ ਵਰਵਰਾ ਰਾਓ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ। ਰਾਓ ਨੇ ਇਸ ਮਾਮਲੇ ਵਿੱਚ ਆਪਣੀ ਪੱਕੀ ਮੈਡੀਕਲ ਜ਼ਮਾਨਤ ਦੀ ਅਪੀਲ ਬੰਬਈ ਹਾਈ ਕੋਰਟ ਵੱਲੋਂ ਨਾਮਨਜ਼ੂਰ ਕੀਤੇ ਜਾਣ ਖ਼ਿਲਾਫ਼ ਇਹ ਅਰਜ਼ੀ ਦਾਖ਼ਲ ਕੀਤੀ ਹੈ। ਤਿੰਨ ਜੱਜਾਂ ਜਸਟਿਸ ਯੂ.ਯੂ. ਲਲਿਤ, ਜਸਿਟਸ ਐੱਸ ਰਵਿੰਦਰ ਭੱਟ ਅਤੇ ਜਸਿਟਸ ਸੁਧਾਂਸ਼ੂ ਧੂਲੀਆ ਦੇ ਬੈਂਚ ਵੱਲੋਂ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਬੰਬਈ ਹਾਈ ਕੋਰਟ ਦੇ 13 ਅਪਰੈਲ ਦੇ ਹੁਕਮਾਂ ਖ਼ਿਲਾਫ਼ ਵਕੀਲ ਨੂਪੁਰ ਕੁਮਾਰ ਰਾਹੀਂ ਦਾਇਰ ਕੀਤੀ ਗਈ ਅਪੀਲ ’ਚ ਕਿਹਾ ਗਿਆ ਹੈ, ‘‘ਪਟੀਸ਼ਨਰ 83 ਸਾਲਾ ਮਸ਼ਹੂਰ ਤੇਲਗੂ ਕਵੀ ਅਤੇ ਬੁਲਾਰਾ ਹੈ ਜੋ ਕਿ ਵਿਚਾਰ ਅਧੀਨ ਮੁਕੱਦਮੇ ਦੇ ਸਬੰਧ ਵਿੱਚ ਪਿਛਲੇ ਦੋ ਸਾਲਾਂ ਤੋਂ ਇਕ ਹਵਾਲਾਤੀ ਵਜੋਂ ਜੇਲ੍ਹ ਵਿੱਚ ਬੰਦ ਹੈ। ਇਸ ਵੇਲੇ ਬੰਬਈ ਹਾਈ ਕੋਰਟ ਨੇ ਮੈਡੀਕਲ ਆਧਾਰ ’ਤੇ ਉਸ ਨੂੰ ਜ਼ਮਾਨਤ ਦਿੱਤੀ ਹੋਈ ਹੈ। ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦੀ ਉਮਰ ਤੇ ਨਾਸਾਜ਼ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਹੋਰ ਜੇਲ੍ਹ ਵਿੱਚ ਰੱਖਣਾ, ਉਸ ਲਈ ਮੌਤ ਦਾ ਕਾਰਨ ਬਣ ਸਕਦਾ ਹੈ।’’ ਰਾਓ ਨੇ ਕਿਹਾ ਕਿ ਉਸ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਕਿਉਂਕਿ ਉਸ ਦੀ ਵਧਦੀ ਉਮਰ ਅਤੇ ਉਸ ਦੀ ਨਾਜ਼ੁਕ ਤੇ ਵਿਗੜਦੀ ਸਿਹਤ ਦੇ ਬਾਵਜੂਦ ਉਸ ਦੀ ਜ਼ਮਾਨਤ ਵਿੱਚ ਵਾਧਾ ਕਰਨ ਅਤੇ ਹੈਦਰਾਬਾਦ ਤਬਦੀਲ ਕਰਨ ਦੀ ਉਸ ਦੀ ਬੇਨਤੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। -ਪੀਟੀਆਈ