ਨਵਸ਼ਰਨ ਕੌਰ
ਵੱਡੇ ਵੱਡੇ ਬਦਲਾਉ ਵੀ
ਕਿੰਨੀ ਆਸਾਨੀ ਨਾਲ ਕੀਤੇ ਜਾਂਦੇ ਹਨ,
ਹੱਥੀਂ ਕੰਮ ਕਰਦੇ ਮਜ਼ਦੂਰਾਂ ਨੂੰ
ਸਿਆਸੀ ਪਿਆਦਿਆਂ ਵਿਚ
ਬਦਲ ਦੇਣਾ ਵੀ।
ਕਿੰਨਾ ਸੌਖਾ ਸੀ, ਹੈ ਨਾ?
ਕਰੇਨਾਂ ਚੁੱਕਦੀਆਂ ਨੇ ਇਸ ਬਦਲਾਓ ਨੂੰ
ਤੇ ਸੂਲੀ ਤੱਕ ਪਹੁੰਚਾਉਂਦੀਆਂ ਨੇ।
– ਸਬੀਰ ਹਕਾ
‘‘ਸਾਡੇ (ਕੂੜਾ ਇਕੱਠਾ ਕਰਨ ਵਾਲਿਆਂ) ਤੋਂ ਬਿਨਾਂ ਤੁਹਾਡੀ ਦਿੱਲੀ ਦੀ ਸਫ਼ਾਈ ਬਰਕਰਾਰ ਨਾ ਰਹਿ ਸਕਦੀ। ਤੁਹਾਨੂੰ ਕੂੜੇ ਦੇ ਢੇਰਾਂ ਵਿਚ ਰਹਿਣਾ ਪੈਂਦਾ। ਅਸੀਂ ਤੁਹਾਡੀ ਦਿੱਲੀ ਨੂੰ ਸਾਫ਼ ਰੱਖਦੇ ਹਾਂ ਅਤੇ ਸਾਨੂੰ ਇਸ ਗੱਲ ਦੀ ਵੀ ਸਜ਼ਾ ਮਿਲਦੀ ਹੈ,” ਗੁੱਸੇ ਵਿੱਚ ਆਈ ਦਿੱਲੀ ਦੀ ਜਹਾਂਗੀਰਪੁਰੀ ਆਬਾਦੀ ਦੀ ਵਸਨੀਕ ਮੁਨੀਜ਼ਾ ਬੀਬੀ ਨੇ ਕਿਹਾ। ਉਹ ਆਪਣੇ ਖਾਵੰਦ ਦੇ ਨਾਲ ਰਲ ਕੇ ਕਬਾੜ ਛਾਂਟਦੀ ਹੈ ਜੋ ਉਨ੍ਹਾਂ ਆਪਣੇ ਰੇਹੜੇ ’ਤੇ ਰਿਹਾਇਸ਼ੀ ਕਲੋਨੀਆਂ ਤੋਂ ਇਕੱਠਾ ਕਰ ਕੇ ਲਿਆਂਦਾ ਹੈ। ਉਹ ਕਾਗਜ਼, ਪਲਾਸਟਿਕ, ਕੱਚ ਨੂੰ ਵੱਖ ਕਰਦੀ ਹੈ ਜਿਸ ਨੂੰ ਉਹ ਕਬਾੜ ਦੇ ਵਪਾਰੀਆਂ ਨੂੰ ਵੇਚਦਾ ਹੈ। ਬੁਲਡੋਜ਼ਰ ਕਾਰਵਾਈ ਨੇ ਉਸ ਦੇ ਰੇਹੜੇ ਨੂੰ ਕੁਚਲ ਦਿੱਤਾ। ਉਨ੍ਹਾਂ ਕੋਲ ਕੰਮ ਜਾਰੀ ਰੱਖਣ ਦਾ ਸਾਧਨ ਨਹੀਂ ਰਿਹਾ। ਆਪਣੀ ਮਿਹਨਤ ਨਾਲ ਉਹ ਦੋਵੇਂ ਰਲ ਕੇ 12 ਤੋਂ 15 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੇ ਸਨ। ‘‘ਮਹਾਂਮਾਰੀ ਕਾਰਨ ਦੋ ਸਾਲਾਂ ਤੋਂ ਕੋਈ ਕੰਮ ਨਹੀਂ ਸੀ ਅਤੇ ਹੁਣ ਅਜਿਹਾ ਹੋ ਗਿਆ ਹੈ,’’ ਇਸੇ ਆਬਾਦੀ ਦੀ ਆਸੀਆ ਬੀਬੀ ਨੇ ਰੋਣਹਾਕੀ ਹੋ ਕੇ ਆਖਿਆ। ਆਸੀਆ ਵਿਧਵਾ ਹੈ ਤੇ ਇਕ ਕਬਾੜ ਦੇ ਡੀਲਰ ਦੀ ਦੁਕਾਨ ’ਤੇ ਕੂੜਾ ਕਰਕਟ ਵੱਖ ਕਰ ਕੇ 250 ਰੁਪਏ ਰੋਜ਼ਾਨਾ ਕਮਾਉਂਦੀ ਹੈ। ‘‘ਕਬਾੜ ਦੇ ਡੀਲਰ ਦੀ ਦੁਕਾਨ ਹੀ ਨਾ ਰਹੀ ਤਾਂ ਮੈਂ ਕਿੱਥੇ ਜਾਵਾਂਗੀ ਤੇ ਕਿਵੇਂ ਆਪਣੀਆਂ ਤਿੰਨ ਧੀਆਂ ਦਾ ਢਿੱਡ ਭਰਾਂਗੀ?’’
“ਮੇਰਾ ਘਰਵਾਲਾ ਰੇਹੜੇ ’ਤੇ ਡੀਲਰਾਂ ਕੋਲੋਂ ਮੱਛੀ ਭਰ ਕੇ ਲਿਆਉਂਦਾ ਹੈ। ਅਸੀਂ ਦੋਵੇਂ ਮੱਛੀ ਨੂੰ ਧੋ ਕੇ ਸਾਫ਼ ਕਰਦੇ ਹਾਂ ਅਤੇ ਉਹ ਇਸ ਨੂੰ ਡੀਲਰ ਕੋਲ ਵਾਪਸ ਲੈ ਜਾਂਦਾ ਹੈ। ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ 400 ਤੋਂ 500 ਰੁਪਏ ਰੋਜ਼ਾਨਾ ਕਮਾ ਲੈਂਦੇ ਹਾਂ। ਉਨ੍ਹਾਂ ਨੇ ਸਾਡੀ ਗੱਡੀ ਅਤੇ ਦੋ ਡਰੰਮਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਜੋ ਅਸੀਂ ਮੱਛੀਆਂ ਧੋਣ ਲਈ ਵਰਤਦੇ ਸਾਂ। ਕੁਝ ਵੀ ਨਹੀਂ ਬਚਿਆ। ਸਾਡੇ ਕੋਲ ਨਵੀਂ ਗੱਡੀ ਅਤੇ ਡਰੰਮ ਖਰੀਦਣ ਲਈ ਕੋਈ ਬੱਚਤ ਨਹੀਂ ਹੈ,” ਜ਼ੁਲੇਖਾ ਨੇ ਆਪ ਬੀਤੀ ਕਹੀ।
ਔਰਤਾਂ ਗੁੱਸੇ ਵਿਚ ਸਨ। ਉਹ ਸਾਰੇ ਸਿਸਟਮ ਤੋਂ ਨਾਰਾਜ਼ ਸਨ। ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਮਦਦ ਲਈ ਕੁਝ ਨਹੀਂ ਕੀਤਾ ਜਾਵੇਗਾ। ‘‘ਅਦਾਲਤ ਦੇ ਹੁਕਮਾਂ ਦੇ ਬਾਵਜੂਦ ਕੁਝ ਨਹੀਂ ਰੁਕਿਆ, ਸਾਡੇ ਘਰ ਅਤੇ ਦੁਕਾਨਾਂ ਢਾਹ ਦਿੱਤੀਆਂ ਗਈਆਂ।” ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਖੋਖਿਆਂ ਵਿਚੋਂ ਸਾਮਾਨ ਨੂੰ ਕੁਚਲਣ ਤੋਂ ਬਚਾਉਣ ਲਈ ਬਾਹਰ ਨਹੀਂ ਪਹੁੰਚ ਸਕੇ। ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਨੇ ਸੜਕ ਵੱਲ ਜਾਣ ਵਾਲੀਆਂ ਤੰਗ ਗਲੀਆਂ ਦੇ ਬਾਹਰ ਬੈਰੀਕੇਡ ਲਾ ਰੱਖੇ ਸਨ। ਬੈਰੀਕੇਡਾਂ ਦੇ ਦੂਸਰੇ ਬੰਨੇ, ਉਹ ਬੇਵੱਸ ਹੋ ਕੇ ਬੁਲਡੋਜ਼ਰਾਂ ਨੂੰ ਆਪਣੇ ਕੋਠੇ, ਰੇਹੜੇ, ਖੋਖੇ, ਰਿਕਸ਼ੇ ਅਤੇ ਵੱਖ-ਵੱਖ ਕਬਾੜ ਦੀਆਂ ਬੋਰੀਆਂ ਨੂੰ ਥੇਹ ਹੁੰਦੇ ਵੇਖਦੇ ਰਹੇ।
ਵੀਹ ਅਪਰੈਲ ਨੂੰ ਭਾਰਤੀ ਜਨਤਾ ਪਾਰਟੀ ਦੇ ਅਧੀਨ ਆਉਂਦੀ ਉੱਤਰੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਨੇ ਜਹਾਂਗੀਰਪੁਰੀ ਵਿਚ ‘ਅਣਅਧਿਕਾਰਤ’ ਢਾਂਚਿਆਂ ਨੂੰ ਢਾਹੁਣ ਦੀ ਮੁਹਿੰਮ ਸ਼ੁਰੂ ਕੀਤੀ। ਇਨ੍ਹਾਂ ਵਿਚੋਂ ਜ਼ਿਆਦਾਤਰ ਢਾਂਚੇ ਘੱਟਗਿਣਤੀ ਭਾਈਚਾਰੇ ਦੇ ਸਨ। ਢਾਹੁਣ ਦੀ ਇਹ ਮੁਹਿੰਮ ਜਹਾਂਗੀਰਪੁਰੀ ਵਿਚ ਫ਼ਿਰਕੂ ਤਣਾਅ ਤੇ ਫ਼ਿਰਕਿਆਂ ਦਰਮਿਆਨ ਹੋਈ ਪੱਥਰਬਾਜ਼ੀ ਤੋਂ ਪੂਰੇ ਚਾਰ ਦਿਨ ਬਾਅਦ ਸ਼ੁਰੂ ਹੋਈ। ਇਹ ਉਦੋਂ ਵਾਪਰਿਆ ਜਦੋਂ ਹਨੂੰਮਾਨ ਜੈਅੰਤੀ ’ਤੇ ਇਕ ਧਾਰਮਿਕ ਜਲੂਸ ਜਹਾਂਗੀਰਪੁਰੀ ਦੀ ਮਸਜਿਦ ਦੇ ਸਾਹਮਣਿਓਂ ਭੜਕਾਊ ਨਾਅਰੇ ਲਗਾਉਂਦਾ ਲੰਘਿਆ।
ਉਜਾੜਨ ਦੀ ਇਹ ਮੁਹਿੰਮ ਠੀਕ ਉਸੇ ਨਮੂਨੇ ’ਤੇ ਹੋਈ ਜੋ ਹਾਲ ਹੀ ਦੇ ਹਫ਼ਤਿਆਂ ਵਿਚ ਦੇਸ਼ ਦੇ ਹੋਰ ਹਿੱਸਿਆਂ ਵਿਚ ਦੇਖੀ ਗਈ। ਦੇਸ਼ ਭਰ ਵਿਚ ਤਕਰੀਬਨ ਦਸ ਥਾਵਾਂ ’ਤੇ ਝੜਪਾਂ ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ, ਸ਼ਾਸਿਤ ਰਾਜਾਂ ਵਿਚ ਮੁਸਲਮਾਨਾਂ ਨੂੰ ਸਮੂਹਿਕ ਸਜ਼ਾ ਦੇਣ ਲਈ, ਘਟਨਾ ਵਾਲੀਆਂ ਥਾਵਾਂ ’ਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਘਰਾਂ ਤੇ ਕਾਰੋਬਾਰਾਂ ਨੂੰ ‘ਅਣਅਧਿਕਾਰਤ’ ਉਸਾਰੀ ਦੇ ਨਾਂ ’ਤੇ ਬੁਲਡੋਜ਼ਰਾਂ ਦੀ ਵਰਤੋਂ ਨਾਲ ਥੇਹ ਕੀਤਾ ਗਿਆ। ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਦਿੱਲੀ ਭਰ ਵਿਚ ‘ਅਣਅਧਿਕਾਰਤ’ ਉਸਾਰੀਆਂ ਹੁੰਦੀਆਂ ਰਹਿੰਦੀਆਂ ਹਨ; ਇਹ ਇਕ ਨੇਮ ਹੈ: ਦਿੱਲੀ ਦੀਆਂ ਅਮੀਰ ਤੋਂ ਅਮੀਰ ਕਾਲੋਨੀਆਂ ਵਿਚ ਵੱਡੇ ਪੈਮਾਨੇ ’ਤੇ ਅਣਅਧਿਕਾਰਤ ਉਸਾਰੀਆਂ ਹਨ ਜਿਨ੍ਹਾਂ ਦੀ ਸਰਕਾਰ ਨੂੰ ਜਾਣਕਾਰੀ ਹੈ।
ਕਾਨੂੰਨ ਵਿਚ ਪੱਥਰਬਾਜ਼ੀ ਲਈ ਘਰਾਂ ਨੂੰ ਥੇਹ ਕਰਨ ਦੀ ਕੋਈ ਧਾਰਾ ਨਹੀਂ ਹੈ। ਇਕੋ-ਇਕ ਕਾਨੂੰਨ ਜੋ ਅਜਿਹੇ ਹਾਲਾਤ ਵਿਚ ਕਿਸੇ ਘਰ ਜਾਂ ਢਾਂਚੇ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੰਦਾ ਹੈ, ਉਹ ਹੈ ਅਫਸਪਾ- ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਏਐੱਫਐੱਸਪੀਏ) – ਜੋ ਅਤਿਵਾਦ ਨਾਲ ਨਜਿੱਠਣ ਲਈ ਵਰਤਿਆ ਜਾਂਦਾ ਹੈ। ਇਸ ਕਾਨੂੰਨ ਤਹਿਤ ਵੀ ਕਿਸੇ ਢਾਂਚੇ ਨੂੰ ਨਸ਼ਟ ਕਰਨ ਦੀ ਇਜਾਜ਼ਤ ਸਿਰਫ਼ ਸੀਮਤ ਹਾਲਤਾਂ ਵਿਚ ਹੀ ਦਿੱਤੀ ਜਾਂਦੀ ਹੈ ਜਿਵੇਂ ਜੇ ਕਿਸੇ ਥਾਂ ਵੱਡੀ ਗਿਣਤੀ ਵਿੱਚ ਖ਼ਤਰਨਾਕ ਹਥਿਆਰਾਂ ਦਾ ਭੰਡਾਰ ਹੋਵੇ ਜਾਂ ਕਿਸੇ ਢਾਂਚੇ ਤੋਂ ਅਤਿਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਜਾਵੇ ਅਤੇ ਆਤਮ ਸਮਰਪਣ ਕਰਨ ਤੋਂ ਇਨਕਾਰ ਹੋਵੇ।
ਜਹਾਂਗੀਰਪੁਰੀ ਨਾ ਤਾਂ ਅਫਸਪਾ ਦੇ ਅਧੀਨ ਹੈ ਅਤੇ ਨਾ ਹੀ ਅਣਅਧਿਕਾਰਤ ਕਾਲੋਨੀ। ਇਹ ਇਕ ਪੁਨਰਵਾਸ (Resettlement) ਕਾਲੋਨੀ ਹੈ। ਪੁਨਰਵਾਸ ਕਾਲੋਨੀ ਕੀ ਹੁੰਦੀ ਹੈ? ਜੋ 1975-76 ਵਿਚ ਦਿੱਲੀ ਦੇ ਵੱਖ-ਵੱਖ ਖੇਤਰਾਂ ਤੋਂ ਝੁੱਗੀ-ਝੌਂਪੜੀ ਵਿਚ ਰਹਿਣ ਵਾਲੇ ਸ਼ਹਿਰ ਦੇ ਗ਼ਰੀਬ ਗੁਰਬਿਆਂ ਨੂੰ ਮੁੜ-ਵਸੇਬੇ ਲਈ ਲਿਆ ਕੇ ਵਸਾਈ ਗਈ ਸੀ। ਦਿੱਲੀ ਵਿਚ ਮੁੜ-ਵਸੇਬੇ ਦਾ ਸੰਕਲਪ ਸਰਕਾਰ ਵੱਲੋਂ 1960ਵਿਆਂ ਦੇ ਸ਼ੁਰੂ ਵਿਚ ਆਇਆ। ਸ਼ਹਿਰਾਂ ਅੰਦਰ ਝੁੱਗੀਆਂ ਵਿਚ ਰਹਿੰਦੇ ਗ਼ਰੀਬ ਮਜ਼ਦੂਰਾਂ ਨੂੰ ਝੁੱਗੀਆਂ ’ਚੋਂ ਉਜਾੜ ਕੇ ਦੂਰ-ਦੁਰਾਡੇ ਬਣਾਈਆਂ ਗਈਆਂ ਪੁਨਰਵਾਸ ਕਾਲੋਨੀਆਂ ਵਿਚ ਭੇਜਿਆ ਗਿਆ। ਡੀਡੀਏ ਦੇ ਰਿਕਾਰਡ ਅਨੁਸਾਰ ਇਸ ਸਮੇਂ ਦਿੱਲੀ ਵਿੱਚ 80 ਤੋਂ ਵੱਧ ਪੁਨਰਵਾਸ ਕਾਲੋਨੀਆਂ ਹਨ।
ਵੀਹ ਅਪਰੈਲ ਨੂੰ ਜਹਾਂਗੀਰਪੁਰੀ ਵਿਚ ਅਣਅਧਿਕਾਰਤ ਢਾਂਚੇ ਨੂੰ ਹਟਾਉਣ ਲਈ ਸਵੇਰ ਸਾਰ ਹੀ ਬੁਲਡੋਜ਼ਰ ਆ ਗਏ। ਲੋਕਾਂ ਨੂੰ ਇਹ ਸੂਚਨਾ ਕੁਝ ਹੀ ਘੰਟੇ ਪਹਿਲਾਂ ਦਿੱਤੀ ਗਈ। ਲੋਕਾਂ ਨੂੰ ਆਪਣੇ ਕਾਗਜ਼ ਦਿਖਾਉਣ ਅਤੇ ਆਪਣਾ ਦਾਅਵਾ ਪੇਸ਼ ਕਰਨ ਦਾ ਮੌਕਾ ਦਿੱਤਾ ਹੀ ਨਾ ਗਿਆ। ਬੁਲਡੋਜ਼ਰਾਂ ਦੀ ਤਬਾਹੀ ਨੂੰ ਟੈਲੀਵਿਜ਼ਨ ਚੈਨਲਾਂ ਰਾਹੀਂ ਵੱਡੇ ਪੱਧਰ ’ਤੇ ਪ੍ਰਸਾਰਤ ਕੀਤਾ ਗਿਆ। ਕਿਉਂ? ਇਸ ਦਾ ਇਕ ਉੱਤਰ ਤਾਂ ਇਹ ਹੈ ਕਿ ਖ਼ਬਰਾਂ ਦੇਣਾ ਟੈਲੀਵਿਜ਼ਨ ਚੈਨਲਾਂ ਦਾ ਕੰਮ ਹੈ; ਦੂਸਰਾ ਹੈ, ਬਹੁਗਿਣਤੀ ਫ਼ਿਰਕੇ ਵਿਚ ‘ਖ਼ੁਸ਼ੀ ਦਾ ਮਾਹੌਲ ਪੈਦਾ ਕਰਨ ਲਈ’।
ਜਹਾਂਗੀਰਪੁਰੀ ਦੇ ਬਜ਼ੁਰਗਾਂ ਅਨੁਸਾਰ ਇੱਥੋਂ ਦੇ ਵਸਨੀਕ 1970ਵਿਆਂ ਦੇ ਸ਼ੁਰੂ ਵਿਚ ਪੱਛਮੀ ਬੰਗਾਲ ਤੋਂ ਪਰਵਾਸ ਕਰ ਕੇ ਇੱਥੇ ਆਏ ਸਨ। ਪਰਵਾਸ ਦਾ ਸਬੱਬ ਸੂਬੇ ਵਿਚ ਅੰਨ ਦੀ ਤੋਟ ਤੇ ਭੁੱਖਮਰੀ ਦੇ ਹਾਲਾਤ ਸਨ। ਇਨ੍ਹਾਂ ਪਰਵਾਸੀਆਂ ਵਿਚੋਂ ਜ਼ਿਆਦਾਤਰ ਮੁਸਲਮਾਨ ਸਨ ਅਤੇ ਮਿਦਨਾਪੁਰ, ਹਲਦੀਆ, ਮੁਰਸ਼ਿਦਾਬਾਦ ਅਤੇ 24 ਪਰਗਨਾ ਜ਼ਿਲ੍ਹਿਆਂ ਨਾਲ ਸਬੰਧਿਤ ਸਨ। ਇਹ ਪਰਵਾਸੀ ਜਮਨਾ ਕੰਢੇ ਝੁੱਗੀਆਂ ਪਾ ਕੇ ਰਹਿਣ ਲੱਗੇ। 1970ਵਿਆਂ ਦੇ ਮੱਧ ਵਿਚ ਸਰਕਾਰ ਨੇ ਉਨ੍ਹਾਂ ਨੂੰ ਪੁਨਰਵਾਸ ਪੇਸ਼ਕਸ਼ ਦਿੱਤੀ ਜਿਸ ਦੇ ਤਹਿਤ ਜਿਹੜੇ ਲੋਕ ਨਸਬੰਦੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਸਹਿਮਤ ਹੋਏ, ਉਨ੍ਹਾਂ ਨੂੰ ਜਹਾਂਗੀਰਪੁਰੀ ਅਤੇ ਕੁਝ ਹੋਰ ਪੁਨਰਵਾਸ ਕਾਲੋਨੀਆਂ ਵਿਚ ਮਕਾਨ ਅਲਾਟ ਕਰ ਦਿੱਤੇ ਗਏ।
ਜਹਾਂਗੀਰਪੁਰੀ ਦੇ ‘ਸੀ’ ਤੇ ‘ਡੀ’ ਬਲਾਕਾਂ ਜਿੱਥੇ ਇਹ ਪਰਵਾਸੀ ਅਤੇ ਇਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਰਹਿੰਦੀਆਂ ਹਨ, ਨੂੰ ਸਥਾਨਕ ਲੋਕ ਅਕਸਰ ‘ਬੰਗਲਾਦੇਸ਼ੀ ਕਾਲੋਨੀ’ ਕਹਿੰਦੇ ਹਨ। ਜ਼ਿਆਦਾਤਰ ਕਬਾੜ, ਕੂੜਾ-ਕਰਕਟ ਤੇ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਨ ਦੇ ਕਿੱਤੇ ਵਿਚ ਹਨ। ਕੁਝ ਖੋਖੇ ਤੇ ਰੇਹੜੀਆਂ ਲਾਉਂਦੇ ਹਨ ਤੇ ਕੁਝ ਕੁ ਛੋਟੇ ਦੁਕਾਨਦਾਰ ਤੇ ਕਬਾੜੀਆਂ ਦੀਆਂ ਦੁਕਾਨਾਂ ਕਰਦੇ ਹਨ। ਉਹ ਨੌਕਰੀ ਪੇਸ਼ਾ ਨਹੀਂ; ਜ਼ਿਆਦਾਤਰ ਸਵੈ-ਰੁਜ਼ਗਾਰਸ਼ੁਦਾ (self-employed) ਮਜ਼ਦੂਰ ਸ਼੍ਰੇਣੀ ਵਿਚ ਆਉਂਦੇ ਹਨ।
ਜਹਾਂਗੀਰਪੁਰੀ ਵਿਚ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਫ਼ਿਕਰ ਵਾਲੀਆਂ ਬਹੁਤ ਸਾਰੀਆਂ ਗੱਲਾਂ ਹਨ- ਘੱਟਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਧਾਰਮਿਕ ਜਲੂਸ; ਉਸ ਦੌਰਾਨ ਹੋਈ ਹਿੰਸਾ ਦੇ ਬਦਲੇ ਵਜੋਂ ਘਰਾਂ ਨੂੰ ਢਾਹੁਣ ਬਾਰੇ ਖੁੱਲ੍ਹੀਆਂ ਧਮਕੀਆਂ, ਵਸਨੀਕਾਂ ਨੂੰ ਬੰਗਲਾਦੇਸ਼ੀ, ਰੋਹਿੰਗੀਆ ਘੁਸਪੈਠੀਏ ਕਹਿ ਕੇ ਭੰਡਣਾ ਆਦਿ।
ਬੁਲਡੋਜ਼ਰੀ ਹਿੰਸਾ ਦੀਆਂ ਇਨ੍ਹਾਂ ਕਾਰਵਾਈਆਂ ਵਿਚ ਇਕ ਹੋਰ ਰੁਝਾਨ ਨਿਹਿਤ ਹੈ; ਉਹ ਹੈ ਘੱਟਗਿਣਤੀ ਫ਼ਿਰਕੇ ਦੀ ਮਜ਼ਦੂਰ ਜਮਾਤ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਤਬਾਹ ਕਰਨੀ ਅਤੇ ਉਨ੍ਹਾਂ ਦੇ ਕਿੱਤਿਆਂ ਨੂੰ ਅਪਰਾਧਕ ਧਾਰਾਵਾਂ ਅੰਦਰ ਲਿਆ ਕੇ ਉਨ੍ਹਾਂ ਨਾਲ ਅਜਿਹਾ ਵਰਤਾਉ ਕਰਨਾ ਜਿਹੜਾ ਸਮੂਹਿਕ ਸਜ਼ਾ ਪ੍ਰਤੀਤ ਹੋਵੇ।
ਸਵੈ-ਰੁਜ਼ਗਾਰਸ਼ੁਦਾ ਮਜ਼ਦੂਰ ਸ਼੍ਰੇਣੀ ਵਿਚ ਘੱਟਗਿਣਤੀ ਭਾਈਚਾਰੇ ਦੀ ਵੱਡੀ ਪ੍ਰਤੀਨਿਧਤਾ ਹੈ। ਅੰਕੜੇ ਦੱਸਦੇ ਹਨ ਕਿ ਜਨਤਕ ਅਤੇ ਨਿੱਜੀ ਦੋਵਾਂ ਖੇਤਰਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ। ਹੁਣ ਵਾਪਰੀਆਂ ਘਟਨਾਵਾਂ ਇਸ ਫ਼ਿਰਕੇ ਨੂੰ ਆਰਥਿਕ ਤੌਰ ’ਤੇ ਹਾਸ਼ੀਏ ’ਤੇ ਧੱਕਣ ਅਤੇ ਮੰਡੀ ਤੋਂ ਉਨ੍ਹਾਂ ਦੀ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਹਨ। ਇਹ ਹਮਲੇ ਉਨ੍ਹਾਂ ਛੋਟੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਨਾਲ ਸ਼ੁਰੂ ਹੋਏ ਜੋ ਮੀਟ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ, ਖੱਲ ਦਾ ਕੰਮ ਕਰਦੇ ਸਨ ਜਾਂ ਮਾਸਾਹਾਰੀ ਖਾਣੇ ਦੇ ਢਾਬੇ ਚਲਾਉਂਦੇ ਸਨ। ਗਊ ਰੱਖਿਆ ਦੇ ਨਾਂ ’ਤੇ ਹੋਈਆਂ ਹਜੂਮੀ ਹਿੰਸਾ ਦੀਆਂ ਘਟਨਾਵਾਂ ਨੇ ਘੱਟਗਿਣਤੀ ਫ਼ਿਰਕੇ ਦੇ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਸੱਟ ਮਾਰੀ ਹੈ। ਸ਼ਹਿਰਾਂ ਵਿਚ ਉਨ੍ਹਾਂ ਨੂੰ ਰੇਹੜੀ-ਫੜੀ ਲਾਉਣ ’ਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਕਈ ਸ਼ਹਿਰਾਂ ਵਿਚ ਸਥਾਨਕ ਵਸਨੀਕਾਂ ਦੀਆਂ ਐਸੋਸੀਏਸ਼ਨਾਂ (Residential Welfare Associations) ਨੇ ਰਿਹਾਇਸ਼ੀ ਕਾਲੋਨੀਆਂ ਵਿਚ ਘੱਟਗਿਣਤੀ ਫ਼ਿਰਕੇ ਨਾਲ ਸਬੰਧਿਤ ਸਬਜ਼ੀ ਵਿਕਰੇਤਾਵਾਂ ਦੇ ਦਾਖ਼ਲੇ ਵਿਰੁੱਧ ਮਤੇ ਪਾਸ ਕੀਤੇ। ਕਰਨਾਟਕ ਦੇ ਕਈ ਸ਼ਹਿਰਾਂ ’ਚ ‘ਫ਼ਲ ਜਹਾਦ’ ਨੂੰ ਰੋਕਣ ਦੇ ਨਾਂ ’ਤੇ ਫ਼ਲਾਂ ਦੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕੀਤਾ ਗਿਆ ਹੈ। ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਹ ਨਾ ਸਿਰਫ਼ ਰੁਜ਼ਗਾਰ ਦੀ ਤਬਾਹੀ ਹੈ ਸਗੋਂ ਰੁਜ਼ਗਾਰ ਨੂੰ ਅਪਰਾਧ ਦੇ ਘੇਰੇ ਵਿਚ ਲਿਆਉਣ ਦੀ ਤਰਕੀਬ ਹੈ।
ਜਹਾਂਗੀਰਪੁਰੀ ਕਾਂਡ ਕੀ ਸਿਰਫ਼ ਰੁਜ਼ਗਾਰ ਦੀ ਤਬਾਹੀ ਦਾ ਕਾਂਡ ਹੈ?
ਜਹਾਂਗੀਰਪੁਰੀ ਦੀਆਂ ਘਟਨਾਵਾਂ ਬਹੁਤ ਸਵਾਲ ਖੜ੍ਹੇ ਕਰਦੀਆਂ ਹਨ। ਪ੍ਰਮੁੱਖ ਸਵਾਲ ਇਹ ਹਨ: ਸਰਕਾਰ ਗ਼ੈਰ-ਰਸਮੀ ਖੇਤਰ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਕਿੱਤਿਆਂ ਨੂੰ ਕਿਵੇਂ ‘ਅਧਿਕਾਰਤ’ ਅਤੇ ‘ਅਣਅਧਿਕਾਰਤ’ ਪਰਿਭਾਸ਼ਿਤ ਕਰ ਰਹੀ ਹੈ?, ਮਜ਼ਦੂਰ ਜਮਾਤ ਦਾ ਪਰਵਾਸ ਲਈ ਮਜਬੂਰ ਹੋਣਾ, ਆਪਣੇ ਮੂਲ ਨਿਵਾਸਾਂ ਤੋਂ ਸੈਂਕੜੇ ਮੀਲ ਦੂਰ ਕੰਮ ਦੀ ਭਾਲ ਵਿਚ ਸ਼ਹਿਰਾਂ ਵੱਲ ਹਿਜਰਤ ਅਤੇ ਫੇਰ ‘ਬਾਹਰਲੇ’/‘ਬੰਗਲਾਦੇਸ਼ੀ’ ਬਣ ਜਾਣਾ, ਪਲ ਪਲ ਬੇਦਖ਼ਲ ਕੀਤੇ ਜਾਣ ਦੇ ਡਰ ਵਿਚ ਜ਼ਿੰਦਗੀ ਬਿਤਾਉਣੀ, ਬਿਨਾ ਕਿਸੇ ਦਾਅਵੇ ਦੇ, ਵਸੇਬੇ ਦੇ ਨਾਂ ’ਤੇ ਸ਼ਹਿਰਾਂ ਦੀਆਂ ਬਾਹਰਲੀਆਂ ਹੱਦਾਂ ’ਤੇ। ਇਸ ਵਰਗ ਕੋਲ ਨਾ ਧਨ ਹੈ, ਨਾ ਸਮਾਜਿਕ ਪੂੰਜੀ ਅਤੇ ਨਾ ਹੀ ਨਿਆਂ ਲਈ ਕਾਨੂੰਨੀ ਲੜਾਈ ਲੜਨ ਦੀ ਸਮਰੱਥਾ।
ਇਸ ਰੁਝਾਨ ਦਾ ਤਰਕ ਕੀ ਹੈ? ਘੱਟਗਿਣਤੀ ਫ਼ਿਰਕੇ ਦੇ ਮਜ਼ਦੂਰਾਂ ਦਾ ਉਜਾੜਾ ਕਿਸੇ ਵਿਕਾਸ ਲਈ ਨਹੀਂ ਹੈ। ਕੋਈ ਸਮੂਹਿਕ ਜਾਂ ਵਿਅਕਤੀਗਤ ਕਲਿਆਣਕਾਰੀ ਦਲੀਲ ਨਹੀਂ ਜੋ ਬੁਲਡੋਜ਼ਰਾਂ ਦੇ ਹੱਕ ਵਿੱਚ ਦਿੱਤੀ ਜਾ ਸਕੇ। ਇਹ ਸਰਾਸਰ ਵੱਡੀ ਬੇਇਨਸਾਫ਼ੀ ਹੈ, ਇਨਸਾਨੀਅਤ ’ਤੇ ਧੱਬਾ ਹੈ। ਇਤਿਹਾਸ ਨਾਜ਼ੀ ਜਰਮਨੀ ਵਿਚ ਯਹੂਦੀਆਂ ਨਾਲ ਇਹ ਵਰਤਾਰਾ ਵੇਖ ਚੁੱਕਾ ਹੈ। ਇਹ ਸਾਡਾ ਮਾਰਟਿਨ ਨਾਇਮੋਲਰ ਪਲ ਹੈ, ਜੇਕਰ ਅਸੀਂ ਹੁਣ ਚੁੱਪ ਰਹੇ, ਤਾਂ ਸਾਡੇ ਵਾਸਤੇ ਕੋਈ ਖੜ੍ਹਾ ਨਹੀਂ ਹੋਵੇਗਾ।
ਸੰਪਰਕ: navsharan@gmail.com
ਮਾਰਟਿਨ ਨਾਇਮੋਲਰ ਪਲ
ਜਦੋਂ ਤੁਹਾਡੇ ਲਈ ਖੜ੍ਹਨ ਵਾਸਤੇ ਕੋਈ ਨਹੀਂ ਬਚਦਾ…
ਫਰੈਡਰਿਕ ਗੁਸਤਾਵ ਐਮਿਲ ਮਾਰਟਿਨ ਨਾਇਮੋਲਰ ਜਰਮਨ ਧਰਮ-ਸ਼ਾਸਤਰੀ ਅਤੇ ਪਾਦਰੀ ਸੀ। ਉਸ ਨੇ ਨਾਜ਼ੀਆਂ ਬਾਰੇ ਕਵਿਤਾ ‘ਪਹਿਲਾਂ ਉਹ ਆਏ…’ ਲਿਖੀ ਜੋ ਇਉਂ ਹੈ: ਪਹਿਲਾਂ ਉਹ ਕਮਿਊਨਿਸਟਾਂ ਲਈ ਆਏ/ ਮੈਂ ਨਹੀਂ ਬੋਲਿਆ/ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ/ ਫਿਰ ਉਹ ਟਰੇਡ ਯੂਨੀਅਨਿਸਟਾਂ ਲਈ ਆਏ/ ਮੈਂ ਨਹੀਂ ਬੋਲਿਆ/ ਕਿਉਂਕਿ ਮੈਂ ਟਰੇਡ ਯੂਨੀਅਨਿਸਟ ਨਹੀਂ ਸੀ/ ਫਿਰ ਉਹ ਯਹੂਦੀਆਂ ਲਈ ਆਏ/ ਮੈਂ ਫਿਰ ਵੀ ਨਹੀਂ ਬੋਲਿਆ/ ਕਿਉਂਕਿ ਮੈਂ ਯਹੂਦੀ ਨਹੀਂ ਸੀ/ ਫਿਰ ਉਹ ਮੇਰੇ ਲਈ ਆਏ/ ਪਰ ਮੇਰੇ ਲਈ ਬੋਲਣ ਵਾਸਤੇ ਕੋਈ ਬਚਿਆ ਨਹੀਂ ਸੀ।
ਸਬੀਰ ਹਕਾ ਉਸਾਰੀ ਮਜ਼ਦੂਰ ਰਿਹਾ ਹੈ ਤੇ ਆਪਣੇ ਹੱਡੀਂ ਹੰਢਾਏ ਤਜ਼ਰਬਿਆਂ ਨੂੰ ਉਸ ਨੇ ਆਪਣੀਆਂ ਕਵਿਤਾਵਾਂ ’ਚ ਪਰੋਇਆ ਹੈ। ਉਸ ਦੀਆਂ ਇਹ ਕਵਿਤਾਵਾਂ ਗੀਤ ਚਤੁਰਵੇਦੀ (ਸੰਪਰਕ: 91095-58296) ਦੇ ਹਿੰਦੀ ਅਨੁਵਾਦ ਅਨੁਸਾਰ ਹਨ।
ਸਰਕਾਰ
ਕੁਝ ਅਰਸੇ ਤੋਂ
ਪੁਲੀਸ ਮੈਨੂੰ ਲੱਭ ਰਹੀ ਹੈ,
ਮੈਂ ਕਿਸੇ ਦਾ ਕਤਲ ਨਹੀਂ ਕੀਤਾ,
ਮੈਂ ਸਰਕਾਰ ਦੇ ਖ਼ਿਲਾਫ਼
ਕੋਈ ਲੇਖ ਵੀ ਨਹੀਂ ਲਿਖਿਆ।
ਸਿਰਫ਼ ਤੈਨੂੰ ਪਤੈ ਮੇਰੀ ਜਾਨ!
ਕਿ ਇਹ ਆਮ ਲੋਕਾਂ ਲਈ
ਕਿੰਨਾ ਦੁਖਦਾਈ ਹੋਊਗਾ
ਜੇ ਸਰਕਾਰ
ਮੈਥੋਂ ਸਿਰਫ਼ ਇਸ ਲਈ ਡਰਨ ਲੱਗ ਜਾਵੇ
ਕਿ ਮੈਂ ਮਜ਼ਦੂਰ ਹਾਂ।
ਜੇ ਮੈਂ ਬਾਗ਼ੀ ਜਾਂ ਕ੍ਰਾਂਤੀਕਾਰੀ ਹੁੰਦਾ
ਫਿਰ ਕੀ ਕਰਦੇ ਉਹ?
* * *
ਮੌਤ ਦਾ ਡਰ
ਉਮਰ ਭਰ ਮੈਂ ਇਸ ਗੱਲ ’ਚ ਯਕੀਨ ਕੀਤਾ
ਕਿ ਝੂਠ ਬੋਲਣਾ ਗ਼ਲਤ ਹੁੰਦਾ ਹੈ
ਗ਼ਲਤ ਹੁੰਦਾ ਹੈ ਕਿਸੇ ਨੂੰ ਪ੍ਰੇਸ਼ਾਨ ਕਰਨਾ
ਉਮਰ ਭਰ ਮੈਂ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ
ਕਿ ਮੌਤ ਜ਼ਿੰਦਗੀ ਦਾ ਇਕ ਹਿੱਸਾ ਹੈ
ਫੇਰ ਵੀ ਮੈਨੂੰ ਮੌਤ ਤੋਂ ਡਰ ਲੱਗਦਾ ਹੈ
ਤੇ ਡਰ ਲੱਗਦਾ ਹੈ
ਦੂਜੀ ਦੁਨੀਆਂ ’ਚ ਵੀ ਮਜ਼ਦੂਰ ਬਣੇ ਰਹਿਣ ਤੋਂ
ਸਥਿਤੀ
ਮੇਰੀ ਘਰਵਾਲੀ ਦੱਸਦੀ ਏ
ਕਿ ਇਹ ਕੰਮ ਕਰਨ ਵਾਲੀਆਂ
’ਕੱਠੀਆਂ ਹੋ ਬਹਿੰਦੀਆਂ ਨੇ
ਬੰਗਾਲੀ ’ਚ ਕਰਦੀਆਂ ਨੇ ਗੱਲਾਂ
ਯਾਦ ਐ ਤੁਹਾਨੂੰ
ਉਹ ਨਸਰੀਨ
ਜੋ ਉੱਚੀ ਉੱਚੀ ਹੱਸਦੀ ਸੀ
ਆਪਣਾ ਨਾਂ ਸ਼ਾਰਦਾ ਦੱਸਦੀ ਸੀ
ਕਿੰਨੀ ਸੋਹਣੀ ਹਿੰਦੀ ਬੋਲਦੀ ਸੀ
ਕਿੰਨੀ ਚਲਾਕ ਸੀ ਉਹ…
ਕੋਈ ਆਪਣਾ ਨਾਂ ਕਦੋਂ ਬਦਲਦੈ
ਕਦੋਂ ਛੁਪਾਉਂਦੈ ਆਪਣੀ ਭਾਸ਼ਾ
ਕਿਉਂ ਹੱਸਦੈ ਬੇਤਹਾਸ਼ਾ?
ਮੈਂ ਗਾਲਬਿ ਫਰੋਲਦਾਂ
ਇਸ ਵਿਸ਼ੇ ’ਤੇ ਕੋਈ ਸ਼ਿਅਰ ਨਹੀਂ
ਭਾਸ਼ਾ ’ਚ ਰਹਿਣ ਵਾਲੇ ਨੂੰ
ਭਾਸ਼ਾਹੀਣ ਹੋ ਗਿਆਂ ਦੀ ਪੀੜ ਦਾ
ਕਿਵੇਂ ਲੱਗੇ ਪਤਾ?
ਮੇਰੇ ਕੋਲ ਤਾਂ
ਨਿੱਜੀ ਦੁੱਖ ਹੈ ਅਥਾਹ
ਇਨ੍ਹਾਂ ਨੂੰ ਕੱਢ ਦਿਓ ਬਾਹਰ
ਢਾਹ ਦਿਓ ਇਨ੍ਹਾਂ ਦੇ ਘਰ
ਤੋੜ ਦਿਓ ਦੀਵਾਰ-ਓ-ਦਰ
ਬੱਸ
ਮੇਰੇ ਘਰ ਤੱਕ ਨਾ ਆਉਣਾ
ਮੇਰੇ ਘਰ ਦੇ ਬਾਹਰ
ਮੇਰੀ ਭਾਸ਼ਾ ’ਚ
ਲਿਖਿਐ-
ਮੇਰਾ ਨਾਂ
ਮੇਰੇ ਸਿਰ ’ਤੇ ਹੈ
ਮੇਰੀ ਮਿੱਟੀ ਦੀ ਛਾਂ।