ਲਖਵਿੰਦਰ ਸਿੰਘ
ਮਲੋਟ, 11 ਫਰਵਰੀ
ਅੱਜ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਇਸ ਸ਼ਹਿਰ ਵਿੱਚ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਇੱਕ ਰੋਸ ਰੈਲੀ ਕੱਢੀ ਗਈ ਤੇ ਮੋਦੀ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੀ, ਵੱਖ-ਵੱਖ ਬਾਜ਼ਾਰਾਂ, ਗਲੀਆਂ-ਮੁਹੱਲਿਆਂ ’ਚੋਂ ਹੁੰਦੀ ਹੋਈ ਜੀਟੀ ਰੋਡ ’ਤੇ ਪਹੁੰਚੀ , ਇਸ ਮੌਕੇ ਵੱਡੀ ਗਿਣਤੀ ਪੁਲੀਸ ਵੀ ਮੌਜੂਦ ਸਨ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਇੰਦਰਜੀਤ ਸਿੰਘ ਪੱਪੂ, ਗਗਨਪ੍ਰੀਤ ਸਿੰਘ ਸੰਧੂ ਅਤੇ ਪ੍ਰਧਾਨ ਬਲਕਾਰ ਸਿੰਘ ਆਦਿ ਦਾ ਕਹਿਣਾ ਸੀ ਕਿ ਇਸ ਰੈਲੀ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਬੀਜੇਪੀ ਨੂੰ ਵੋਟ ਨਾ ਦੇਣ ਅਤੇ ਪੂਰਨ ਤੌਰ ’ਤੇ ਬੀਜੇਪੀ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ’ਚ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਭਾਜਪਾ ਦੇ ਖ਼ਿਲਾਫ਼ ਮਾਰਚ ਕੱਢਿਆ ਗਿਆ। ਜਿਸ ’ਚ ਜ਼ਿਲ੍ਹਾ ਫਾਜ਼ਿਲਕਾ ਦੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂਆ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ, ਸਾਹਿਲ ਕਾਮਰੇਡ, ਬਿਹਾਰੀ ਲਾਲ, ਅਸ਼ੋਕ ਕੁਮਾਰ ਢਾਣੀ ਮੁੰਸ਼ੀ ਰਾਮ, ਬਿਨੀ ਵਿਨਾਇਕ, ਅਮਰਜੀਤ ਰਾਣਾ, ਬਲਜੀਤ ਰਾਣਾ ਅਤੇ ਬਲਵਿੰਦਰ ਅਮਰਪੁਰਾ ਨੇ ਕਿਹਾ ਕਿ ਕਿਸਾਨ, ਮਜ਼ਦੂਰ ਅਤੇ ਦੁਕਾਨਦਰ ਮੋਦੀ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨਗੇ, ਚਾਹੇ ਉਹ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ।
ਜੈਤੋ (ਸ਼ਗਨ ਕਟਾਰੀਆ): ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਅੱਜ ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਲੜ ਰਹੇ ਭਾਜਪਾ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਹੋਕਾ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਵਿੱਚ ਰੋਸ ਮਾਰਚ ਕੀਤਾ ਗਿਆ।
ਮਾਰਚ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਰਾਮ ਲੀਲਾ ਗਰਾਊਂਡ, ਨਿਊ ਮਾਰਕੀਟ, ਚੈਨਾ ਬਾਜ਼ਾਰ, ਖ਼ਜ਼ਾਨਾ ਚੌਕ, ਬਿਸ਼ਨੰਦੀ ਬਾਜ਼ਾਰ, ਰੇਲਵੇ ਸਟੇਸ਼ਨ, ਬਾਜਾ ਰੋਡ, ਬਾਜਾ ਚੌਕ ਤੋਂ ਹੁੰਦਾ ਹੋਇਆ ਬੱਸ ਸਟੈਂਡ ਚੌਕ ’ਚ ਜਾ ਕੇ ਖਤਮ ਹੋਇਆ।
ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਪੱਕੇ ਮੋਰਚੇ ਤੋਂ ਕਿਸਾਨਾਂ ਦਾ ਇੱਕ ਵਿਸ਼ਾਲ ਕਾਫ਼ਲਾ ਜਗਰਾਓਂ ਵਿੱਚ ਹੋਣ ਵਾਲੀ ਕਿਸਾਨ ‘ਮਹਾਂ ਰੈਲੀ’ ਵਿੱਚ ਸ਼ਾਮਲ ਹੋਇਆ। ਅੱਜ ਮਹਿਲ ਕਲਾਂ ਤੋਂ ਇੱਕ ਕਾਫਲਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਠੁੱਲੀਵਾਲ ਦੀ ਅਗਵਾਈ ਹੇਠ ਪਹੁੰਚਿਆ ਜਦਕਿ ਦੂਜਾ ਕਾਫਲਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਅਤੇ ਤੀਸਰਾ ਕਾਫਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਦੀ ਅਗਵਾਈ ਹੇਠ ਜਗਰਾਓਂ ਵੱਲ ਰੈਲੀ ਵਿੱਚ ਸ਼ਾਮਿਲ ਹੋਇਆ। ਇਸੇ ਤਰ੍ਹਾਂ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਰੇਲਵੇ ਸਟੇਸ਼ਨ ’ਤੇ ਲੱਗਿਆ ਪੱਕਾ ਮੋਰਚਾ ਮਘਿਆ ਰਿਹਾ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਲਗਾਇਆ ਮੋਰਚਾ ਨਿਰਵਿਘਨ ਚੱਲ ਰਿਹਾ ਹੈ, ਜਿਸ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ ਰਾਮਪੁਰਾ, ਬੀਕੇਯੂ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਸੁਖਜਿੰਦਰ ਸਿੰਘ ਰਾਮਪੁਰਾ, ਬਹਾਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਿਸਾਨੀ ਘੋਲ ਨੂੰ ਢਾਅ ਲਾਉਣ ਲਈ ਬਦਨਾਮ ਕਰਨ ਲਈ ਹਰ ਰੋਜ ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਅੰਨਦਾਤੇ ਨੂੰ ਨਕਸਲੀ ਅੱਤਵਾਦੀ ਵੱਖਵਾਦੀ ਕਾਮਰੇਡ ਅਤੇ ਹੁਣ ਅੰਦੋਲਨ ਜੀਵੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ।