ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 8 ਅਪਰੈਲ
ਪਿੰਡ ਢੋਲੇਵਾਲਾ ਵਿੱਚ ਪਿਛਲੇ 12 ਦਿਨਾਂ ਤੋਂ ਚੱਲ ਰਹੇ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇ ਢੋਲੇਵਾਲਾ ਨਜ਼ਦੀਕ ਨਾਜਾਇਜ਼ ਰੇਤ ਨਿਕਾਸੀ ਨਾ ਰੁਕੀ ਤਾਂ ਯੂਨੀਅਨ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਢੋਲੇਵਾਲਾ ਨੇੜਿਓਂ ਰੇਤ ਦੀ ਕੀਤੀ ਜਾ ਰਹੀ ਨਿਕਾਸੀ ਦਾ ਠੇਕੇਦਾਰਾਂ ਨੇ ਗਲਤ ਰੂਟ ਪਲਾਨ ਤਿਆਰ ਕੀਤਾ ਹੋਇਆ ਹੈ। ਜਿਸ ਸੜਕ ਤੋਂ ਰੇਤ ਨਿਕਾਸੀ ਵਾਲੇ ਟਰਾਲੇ ਲੰਘਦੇ ਹਨ, ਉਸ ਸੜਕ ’ਤੇ ਸਰਕਾਰੀ ਸਕੂਲ ਸਥਿਤ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਇਹ ਸਾਰਾ ਮਾਮਲਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਕੋਲ ਚੁੱਕਿਆ ਸੀ। ਇਸ ਤੋਂ ਇਲਾਵਾ ਹਲਕਾ ਵਿਧਾਇਕ ਨੇ ਵੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੁਝ ਨਹੀਂ ਹੋਇਆ।