ਪੱਤਰ ਪ੍ਰੇਰਕ
ਰਾਜਪੁਰਾ, 28 ਦਸੰਬਰ
ਪਿੰਡ ਸੂਰਲ ਕਲਾਂ ਦੇ ਸਰਪੰਚ ਤੇ ਪੰਚ ਨੂੰ ਪੰਚਾਇਤੀ ਚੋਣਾਂ ਦੌਰਾਨ ‘ਓਡ’ ਜਾਤੀ ਨਾਲ ਸਬੰਧਤ ਹੋਣ ਦਾ ਗਲਤ ਐਸਸੀ ਸਰਟੀਫਿਕੇਟ ਬਣਾ ਕੇ ਚੋਣ ਲੜਨ ਦੇ ਦੋਸ਼ ਹੇਠ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਾਲਾ ਸਿੰਘ ਪੁੱਤਰ ਬਚਨ ਸਿੰਘ ਤੇ ਸਮੂਹ ਵਾਸੀ ਪਿੰਡ ਸੂਰਲ ਕਲਾਂ ਬਲਾਕ ਰਾਜਪੁਰਾ ਨੇ 2020 ’ਚ ਹਾਈਕੋਰਟ ’ਚ ਰਿੱਟ ਦਾਇਰ ਕੀਤੀ ਸੀ। ਜਿਸ ਅਨੁਸਾਰ ਪੰਚਾਇਤ ਚੋਣਾਂ ਲੜਨ ਲਈ ਸਰਪੰਚ ਕਸ਼ਮੀਰ ਚੰਦ ਨੇ ਰਾਜਪੂਤ (ਮੰਜੋਕਾ) ਜਾਤੀ ਨਾਲ ਤੇ ਪਾਲੀ ਰਾਮ ਰਾਜਪੂਤ (ਨਾਹਰ) ਜਾਤੀ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿਅਕਤੀਆਂ ਨੇ ‘ਓਡ’ ਜਾਤੀ ਨਾਲ ਸਬੰਧਤ ਹੋਣ ਦੇ ਗਲਤ ਐਸਸੀ ਸਰਟੀਫਿਕੇਟ ਬਣਵਾਏ ਸਨ। ਜਿਹੜੇ ਰਾਜ ਪੱਧਰੀ ਸਕਰੂਟਿੰਗ ਕਮੇਟੀ ਵੱਲੋਂ ਰੱਦ ਕਰ ਦਿੱਤੇ ਗਏ। ਸਮਾਜਿਕ ਨਿਆਂ ਅਧਿਕਾਰ ਤੇ ਘੱਟ ਗਿਣਤੀ ਵਿਭਾਗ ਰਿਜਰਵੇਸ਼ਨ ਸੈੱਲ ਚੰਡੀਗੜ੍ਹ ਵੱਲੋਂ ਪ੍ਰਾਪਤ ਰਿਪੋਰਟ ’ਤੇ ਸ਼ਿਫਾਰਸ਼ ਅਨੁਸਾਰ ਕਸ਼ਮੀਰ ਚੰਦ ਸਰਪੰਚ ਅਤੇ ਪਾਲੀ ਰਾਮ ਪੰਚ ਨੂੰ ਗ੍ਰਾਮ ਪੰਚਾਇਤ ਸੂਰਲ ਕਲਾਂ ਬਲਾਕ ਰਾਜਪੁਰਾ ਨੂੰ ਓਡ ਜਾਤੀ ਨਾਲ ਸਬੰਧਤ ਹੋਣ ਦਾ ਗਲਤ ਸਰਟੀਫਿਕੇਟ ਬਣਵਾ ਕੇ ਚੋਣ ਲੜਨ ਦਾ ਦੋਸ਼ ਸਿੱਧ ਹੋ ਜਾਣ ’ਤੇ ਸਰਪੰਚ ਤੇ ਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।