ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ
ਸਮਾਣਾ, 27 ਅਗਸਤ
ਇਥੇ ਪਬਲਿਕ ਕਾਲਜ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਕੀਤੇ 20 ਫੀਸਦੀ ਵਾਧੇ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਪਬਲਿਕ ਕਾਲਜ ਸਮਾਣਾ ਦਾ ਵਫ਼ਦ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਮਿਲਿਆ ਤੇ ਫੀਸਾਂ ਵਿਚ ਕੀਤੇ ਵਾਧੇ ਨੂੰ ਵਾਪਿਸ ਕਰਨ ਦੀ ਮੰਗ ਕੀਤੀ। ਪਬਲਿਕ ਕਾਲਜ ਸਮਾਣਾ ਜੋ ਕਿ ਸਰਕਾਰੀ ਸਹਾਇਤਾ ਪ੍ਰਾਪਤ ਏਡਡ ਕਾਲਜ ਹੈ, ਕਾਲਜ ਵੱਲੋਂ ਮੌਜੂਦਾ ਵਿਦਿਅਕ ਸੈਸ਼ਨ 2022-23 ਲਈ ਕਾਲਜ ਦੀਆਂ ਸਮੁੱਚੀਆਂ ਫੀਸਾਂ ਵਿੱਚ 20% ਤੱਕ ਦਾ ਵਾਧਾ ਕੀਤਾ ਗਿਆ ਹੈ। ਜਿਸ ਖ਼ਿਲਾਫ਼ ਵਿਦਿਆਰਥੀ ਸੜਕਾਂ ਉੱਪਰ ਉਤਰ ਆਏ ਹਨ। ਪੀਐੱਸਯੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਬੀਤੀ 20 ਅਗਸਤ ਨੂੰ ਸਮਾਣਾ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕਰ ਕੇ ਐੱਸਡੀਐੱਮ ਸਮਾਣਾ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਸੀ। ਜਿਸ ਤੋਂ ਬਾਅਦ 21 ਅਤੇ 25 ਅਗਸਤ ਨੂੰ ਵਿਦਿਆਰਥੀ ਆਗੂਆਂ, ਕਾਲਜ ਮੈਨੇਜਮੈਂਟ ਅਤੇ ਐੱਸਡੀਐੱਮ ਨਾਲ ਮੀਟਿੰਗ ਹੋਈ ਸੀ ਪਰ ਕਾਲਜ ਮੈਨੇਜਮੈਂਟ ਅਤੇ ਐੱਸਡੀਐੱਮ ਸਮਾਣਾ ਵਲੋਂ 20% ਦੇ ਵਾਧੇ ਨੂੰ ਜਾਇਜ਼ ਠਹਿਰਾਉਂਦਿਆਂ ਹੋਇਆਂ ਵਾਧਾ ਵਾਪਸ ਨਾ ਲੈਣ ਦੀ ਗੱਲ ਕੀਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਫਦ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਮਿਲਿਆ ਅਤੇ ਮੰਤਰੀ ਸਾਹਿਬ ਨੇ ਇਹ ਵਾਧਾ ਵਾਪਸ ਕਰਵਾਉਣ ਦਾ ਭਰੋਸਾ ਦਿਵਾਇਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਇਹ ਵਾਧਾ ਨਾ ਵਾਪਸ ਲਿਆ ਗਿਆ ਤਾਂ ਅਗਲੇ ਹਫਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੀਐੱਸਯੂ ਦੇ ਸੂਬਾ ਆਗੂ ਖੁਸ਼ਿਵੰਦਰ ਰਵੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜ਼ਿਲ੍ਹਾ ਆਗੂ ਅਕਸ਼ੇ ਘੱਗਾ, ਸ਼ੈਂਟੀ ਟੋਡਰਪੁਰ ਤੋਂ ਇਲਾਵਾ ਹੋਰ ਵਿਦਿਆਰਥੀ ਮੌਜੂਦ ਰਹੇ।