ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 27 ਅਗਸਤ
ਚੰਡੀਗੜ੍ਹ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਥੇ ਸੈਕਟਰ-35 ਦੀ ਮਾਰਕੀਟ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਦੇ ‘ਵਾਟਰ ਏਟੀਐੱਮ’ ਦਾ ਅੱਜ ਇਲਾਕਾ ਕੌਂਸਲਰ ਪ੍ਰੇਮ ਲਤਾ ਵੱਲੋਂ ਉਦਘਾਟਨ ਕੀਤਾ ਗਿਆ। ਚੰਡੀਗੜ੍ਹ ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਵਿੱਚ ਲਗਾਏ ਜਾਣ ਵਾਲੇ ਇਹ ਪਹਿਲੇ ਵਾਟਰ ਏਟੀਐੱਮ ਹਨ, ਜਿਨ੍ਹਾਂ ਦੀ ਸ਼ੁਰੂਆਤ ਇਥੇ ਸੈਕਟਰ 35 ਦੀ ਮਾਰਕੀਟ ਤੋਂ ਕੀਤੀ ਗਈ ਹੈ। ਨਗਰ ਨਿਗਮ ਦੇ ਮੁੱਖ ਇੰਜਨੀਅਰ ਸਮਾਰਟ ਸਿਟੀ ਦੇ ਸੀਜੀਐੱਮ ਐੱਨਪੀ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵੱਲੋਂ ਚਾਰ ਵਾਟਰ ਏਟੀਐਮ ਇਥੇ ਸੈਕਟਰ 35 ਦੀ ਮਾਰਕੀਟ ਵਿੱਚ ਲਗਾਏ ਗਏ ਹਨ। ਇਹਨਾਂ ਸਾਰੇ ਵਾਟਰ ਏਟੀਐੱਮਜ਼ ਨੂੰ ਪੰਜਾਬ ਅਤੇ ਸਿੰਧ ਬੈਂਕ ਵਲੋਂ ਸੀਐੱਸਆਰ ਫੰਡਾਂ ਦੇ ਤਹਿਤ ਵਿਵਸਥਾ ਕੀਤੀ ਗਈ ਹੈ। ਹਰ ਇੱਕ ਵਾਟਰ ਏਟੀਐਮ ਦੀ ਕੀਮਤ ਲਗਪਗ ਸਵਾ ਪੰਜ ਲੱਖ ਰੁਪਏ ਹੈ। ਇਸਤੋਂ ਇਲਾਵਾ ਨਗਰ ਨਿਗਮ ਨੇ ਪ੍ਰਤੀ ਵਾਟਰ ਏਟੀਐਮ ਦੀ ਸਥਾਪਨਾ ਅਤੇ ਸਿਵਲ ਵਰਕ ’ਤੇ ਲਗਪਗ ਦੋ ਲੱਖ ਰੁਪਏ ਖਰਚ ਕੀਤਾ ਹੈ ਅਤੇ ਸਮੇਂ-ਸਮੇਂ ’ਤੇ ਬਿਜਲੀ ਅਤੇ ਪਾਣੀ ਦੇ ਖਰਚੇ ਸਮੇਤ ਇਸ ਦੇ ਰੱਖ-ਰਖਾਅ ਦੇ ਖਰਚੇ ਵੀ ਉਠਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬੀਆਈਐੱਸ ਮਿਆਰਾਂ-14543 ਅਨੁਸਾਰ ਗੁਣਵੱਤਾ ਦਾ ਪੀਣ ਵਾਲਾ ਪਾਣੀ ਮਾਰਕੀਟ ਦੁਕਾਨਦਾਰਾਂ ਅਤੇ ਸੈਲਾਨੀਆਂ ਨੂੰ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਬਹੁਤ ਹੀ ਨਾਮਾਤਰ ਮੁੱਲ ’ਤੇ ਉਪਲਬਧ ਹੋਵੇਗਾ। ਕੇਵਲ ਇੱਕ ਰੁਪਏ ਵਿੱਚ 300 ਮਿਲੀ ਲਿਟਰ ਪਾਣੀ ਉਪਲਬਧ ਹੋਵੇਗਾ। ਇਸੀ ਤਰ੍ਹਾਂ 3 ਰੁਪਏ ਵਿੱਚ 500 ਮਿਲੀ ਲਿਟਰ, 5 ਰੁਪਏ ਵਿੱਚ 1000 ਮਿਲੀ ਲਿਟਰ, 20 ਰੁਪਏ ਵਿੱਚ 5000 ਮਿਲੀ ਲਿਟਰ ਅਤੇ 35 ਰੁਪਏ ਵਿੱਚ 20000 ਮਿਲੀ ਲਿਟਰ ਪਾਣੀ ਮਿਲੇਗਾ। ਐੱਨਪੀ ਸ਼ਰਮਾ ਨੇ ਅੱਗੇ ਦੱਸਿਆ ਕਿ ਵਾਟਰ ਏਟੀਐੱਮ ਨੂੰ ਠੰਢੇ ਪਾਣੀ ਜੋ ਗਰਮੀਆਂ ਦੌਰਾਨ ਤਾਪਮਾਨ 15 ਡਿਗਰੀ ਸੈਲਸੀਅਸ ਤਾਪਮਾਨ ’ਤੇ ਰੱਖਿਆ ਜਾਵੇਗਾ, ਦੇ ਪ੍ਰਬੰਧ ਨਾਲ ਲੈਸ ਕੀਤਾ ਗਿਆ ਹੈ। ਪਾਣੀ ਦੇ ਮਾਪਦੰਡਾਂ ਦੇ ਚਾਰ ਮੁੱਖ ਮਾਪਦੰਡਾਂ ਜਿਵੇਂ ਕਿ ਪੀਐੱਚ, ਕਠੋਰਤਾ, ਟੀਡੀਐੱਸ ਅਤੇ ਤਾਪਮਾਨ ਨੂੰ ਦਿਖਾਉਣ ਲਈ ਇੱਕ ਐੱਲਈਡੀ ਡਿਜੀਟਲ ਸਕ੍ਰੀਨ ਵੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਵਾਟਰ ਏਟੀਐਮ ਦੀ ਸਟੋਰੇਜ ਸਮਰੱਥਾ 500 ਲਿਟਰ ਹੈ, ਜਿਸ ਨੂੰ ਵਾਟਰ ਏਟੀਐਮ ਦੇ ਨਾਲ 1000 ਲਿਟਰ ਦੀ ਵਾਟਰ ਸਟੋਰੇਜ ਟੈਂਕ ਦੀ ਵਿਵਸਥਾ ਕਰਕੇ ਵਧਾਇਆ ਗਿਆ ਹੈ। ਇਸ ਨਾਲ ਬਾਜ਼ਾਰ ਵਿੱਚ ਪੀਣ ਵਾਲੇ ਸਵੱਛ ਪਾਣੀ ਦੀ ਅਣਹੋਂਦ ਨੂੰ ਲੈਕੇ ਮਾਰਕੀਟ ਦੇ ਦੁਕਾਨਦਾਰਾਂ ਦੇ ਨਾਲ-ਨਾਲ ਮਾਰਕੀਟ ਵਿੱਚ ਆਉਣ-ਜਾਣ ਵਾਲਿਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਵੇਗੀ।